ਮੁਹਾਲੀ: ਹੋਲੀ ਦੇ ਤਿਉਹਾਰ ਮੌਕੇ ਮੁਹਾਲੀ ਵਿੱਚ ਖੂਬ ਰੌਣਕਾਂ ਵੇਖਣ ਨੂੰ ਮਿਲੀਆਂ। ਖ਼ਾਸ ਕਰਕੇ ਮੁਹਾਲੀ ਦੇ ਥ੍ਰੀਬੀਟੂ ਦੀ ਪੂਰੀ ਮਾਰਕੀਟ ਹੋਲੀ ਦੇ ਰੰਗ ਵਿੱਚ ਰੰਗੀ ਨਜ਼ਰ ਆਈ। ਇੱਥੇ ਨੌਜਵਾਨਾਂ ਨੇ ਮੋਟਰਸਾਈਕਲਾਂ, ਕਾਰਾਂ ਤੇ ਟਰੈਕਟਰਾਂ ’ਤੇ ਇੱਕ ਦੂਜੇ-ਉੱਤੇ ਰੰਗ ਪਾਉਂਦਿਆਂ ਮਸਤੀ ਕੀਤੀ। ਬਾਜ਼ਾਰਾਂ ਵਿੱਚ ਪੇਂਡੂ ਰੰਗ ਦੀ ਹੋਲੀ ਤੇ ਸ਼ਹਿਰੀ ਸੁਮੇਲ ਨਜ਼ਰ ਆਇਆ। ਪਰ ਟਰੈਕਟਰਾਂ ਤੇ ਚੜ੍ਹ ਕੇ ਭੰਗੜੇ ਪਾਉਂਦੇ ਨੌਜਵਾਨ ਤੇ ਡੀਜੇ ’ਤੇ ਥਿਰਕਦੇ ਕੁੜੀਆਂ-ਮੁੰਡਿਆਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਵੀ ਥੋੜੀ ਸਖ਼ਤੀ ਵਰਤਣੀ ਪਈ।
ਇੱਕ ਪਾਸੇ ਮੁਹਾਲੀ ਪੁਲਿਸ ਨੇ ਸਲੀਕੇ ਨਾਲ ਹੋਲੀ ਮਨਾਉਣ ਵਾਲਿਆਂ ਤੇ ਪੁਲਿਸ ਦਾ ਸਹਿਯੋਗ ਕਰਨ ਵਾਲਿਆਂ ਨੂੰ ਪੁਲਿਸ ਨੇ ਗੁਲਾਬ ਦੇ ਫੁੱਲ ਵੰਡੇ ਤੇ ਦੂਜੇ ਪਾਸੇ ਵਧਦੀ ਭੀੜ ਤੇ ਮੁੰਡਿਆਂ ਦੀ ਹੁੱਲੜਬਾਜ਼ੀ ਕਾਰਨ ਪੁਲਿਸ ਥੋੜ੍ਹੀ ਸਖ਼ਤ ਹੋ ਗਈ। ਹੁੱਲੜਬਾਜ਼ੀ ਕਰਦੀ ਟਰੈਕਟਰਾਂ ਤੇ ਆਈ ਭੀੜ ਪੁਲਿਸ ਨੂੰ ਵੇਖਦਿਆਂ ਹੀ ਟਰੈਕਟਰ ਛੱਡ ਕੇ ਉੱਥੋਂ ਸ਼ੂ-ਮੰਤਰ ਹੋ ਗਈ। ਪੁਲਿਸ ਨੂੰ ਟਰੈਕਟਰ ਵੀ ਥਾਣੇ ਆਪ ਹੀ ਲਿਜਾਣਾ ਪਿਆ।
ਹੋਲੀ ਦੇ ਤਿਉਹਾਰ ਮੌਕੇ ਸ਼ਹਿਰ ਵਿੱਚ ਸਵੇਰ ਤੋਂ ਹੀ ਪੁਲਿਸ ਨੇ ਮੋਰਚਾ ਸਾਂਭਿਆ ਹੋਇਆ ਸੀ। ਜਗ੍ਹਾ-ਜਗ੍ਹਾ ਨਾਕੇ ਲਾ ਕੇ ਪੁਲਿਸ ਵੱਲੋਂ ਚੈਕਿੰਗ ਵੀ ਕੀਤੀ ਗਈ। ਇਸ ਮੌਕੇ ਪੁਲਿਸ ਨੇ ਸ਼ਰਾਰਤੀ ਅਨਸਰਾਂ ਦੇ ਚਲਾਨ ਵੀ ਕੱਟੇ।