ਮੋਹਾਲੀ :

  ਮੋਹਾਲੀ 'ਚ ਐਤਵਾਰ ਰਾਤ ਨੂੰ ਅਚਾਨਕ 50 ਫੁੱਟ ਦੀ ਉਚਾਈ ਤੋਂ ਇਕ ਝੂਲਾ ਡਿੱਗ ਗਿਆ। ਇਸ ਵਿੱਚ 30 ਲੋਕ ਸਨ ਤੇ ਸਾਰਿਆਂ ਨੂੰ ਸੱਟਾਂ ਲੱਗੀਆਂ ਹਨ। ਹੁਣ ਇਸ ਮਾਮਲੇ ਵਿੱਚ ਪੁਲੀਸ ਨੇ ਵਪਾਰ ਮੇਲੇ ਦੇ ਮਾਲਕਾਂ ਅਤੇ ਪ੍ਰਬੰਧਕਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਐਫਆਈਆਰ ਵਿੱਚ ਧਾਰਾ 323, 341, 337 ਸ਼ਾਮਲ ਕੀਤੀਆਂ ਗਈਆਂ ਹਨ। ਸਾਰਿਆਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਬਾਅਦ ਤੋਂ ਹੀ  ਝੂਲਾ ਚਾਲਕ ਆਪਣੇ ਸਾਥੀਆਂ ਸਮੇਤ ਫਰਾਰ ਹਨ। ਇਹ ਜਾਣਕਾਰੀ ਮੁਹਾਲੀ ਦੇ ਫੇਜ਼-8 ਥਾਣੇ ਦੇ ਇੰਚਾਰਜ ਰਾਜੇਸ਼ ਨੇ ਦਿੱਤੀ ਹੈ।






ਜ਼ਿਲ੍ਹਾ ਪ੍ਰਸ਼ਾਸਨ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਸਡੀਐਮ ਸਰਬਜੀਤ ਕੌਰ ਅਤੇ ਨਾਇਬ ਤਹਿਸੀਲਦਾਰ ਅਰਜੁਨ ਗਰੇਵਾਲ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਡੀਸੀ ਅਮਿਤ ਤਲਵਾੜ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

50 ਫੁੱਟ ਦੀ ਉਚਾਈ ਤੋਂ ਡਿੱਗੇ 30 ਲੋਕ 



ਮੋਹਾਲੀ ਦੇ ਫੇਜ਼-8 ਦੇ ਦੁਸਹਿਰਾ ਗਰਾਊਂਡ ਵਿੱਚ ਟਰੇਡ ਫੇਅਰ ਮੇਲਾ ਲੱਗਦਾ ਹੈ , ਜਿੱਥੇ ਲੰਡਨ ਬ੍ਰਿਜ ਵੀ ਬਣਾਇਆ ਸੀ। ਐਤਵਾਰ ਦੀ ਛੁੱਟੀ ਹੋਣ ਕਾਰਨ ਵੱਡੀ ਗਿਣਤੀ ਵਿੱਚ ਲੋਕ ਇੱਥੇ ਪੁੱਜੇ ਹੋਏ ਸਨ। ਡਰਾਪ ਟਾਵਰ ਦੇ ਝੂਲੇ ਕੋਲ ਭਾਰੀ ਭੀੜ ਸੀ। 30 ਦੇ ਕਰੀਬ ਲੋਕ ਝੂਲੇ 'ਤੇ ਸਵਾਰ ਹੋ ਕੇ ਆਨੰਦ ਲੈ ਰਹੇ ਸਨ। ਝੂਲਾ ਉੱਪਰ ਵੱਲ ਜਾ ਰਿਹਾ ਸੀ। ਸਿਖਰ 'ਤੇ ਪਹੁੰਚਣ ਤੋਂ ਪਹਿਲਾਂ ਇਹ ਅਚਾਨਕ ਖਰਾਬ ਹੋ ਗਿਆ। ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝ ਪਾਉਂਦੇ ਸੀਟ ਸਮੇਤ 50 ਫੁੱਟ ਦੀ ਉਚਾਈ ਤੋਂ ਹੇਠਾਂ ਆ ਡਿੱਗੇ।



ਓਧਰ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੋਹਾਲੀ 'ਚ ਝੂਲਾ ਟੁੱਟਣ ਦੀ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵੀਟ 'ਤੇ ਮੋਹਾਲੀ ਦੇ ਡੀਸੀ ਅਮਿਤ ਤਲਵਾਰ ਨੂੰ ਵੀ ਟੈਗ ਕੀਤਾ ਹੈ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਮੋਹਾਲੀ ਵਿੱਚ ਵਾਪਰੀ ਮੰਦਭਾਗੀ ਘਟਨਾ ਬਾਰੇ ਜਾਣ ਕੇ ਦੁੱਖ ਹੋਇਆ ਹੈ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਜਿੰਮੇਵਾਰੀ ਤੈਅ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।