ਚੰਡੀਗੜ੍ਹ: ਪੰਜਾਬ ਨੂੰ ਦਿਨਕਰ ਗੁਪਤਾ ਦੇ ਰੂਪ ਵਿੱਚ ਨਵਾਂ ਪੁਲਿਸ ਮੁਖੀ ਮਿਲਣ ਮਗਰੋਂ ਡਾਇਰੈਕਟਰ ਜਨਰਲ ਪੱਧਰ ਦੇ ਪੰਜ ਅਧਿਕਾਰੀਆਂ ਸਮੇਤ ਕੁੱਲ 10 ਉੱਚ ਅਫਸਰਾਂ ਨੂੰ ਬਦਲ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਡੀਜੀਪੀ ਮੁਹੰਮਦ ਮੁਸਤਫ਼ਾ ਵੀ ਸ਼ਾਮਲ ਹਨ, ਜੋ ਪੰਜਾਬ ਪੁਲਿਸ ਦਾ ਮੁਖੀ ਲੱਗਣ ਦੇ ਰੌਂਅ ਵਿੱਚ ਸਭ ਤੋਂ ਮੋਹਰੀ ਸਨ।
ਕੈਪਟਨ ਸਰਕਾਰ ਨੇ ਆਪਣੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਅਤੇ ਸੂਬੇ ਦੇ ਸੀਨੀਅਰ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਫ਼ਾ ਨੂੰ ਨਸ਼ਿਆਂ ਦੇ ਟਾਕਰੇ ਲਈ ਕਾਇਮ ਕੀਤੀ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਤੋਂ ਵੀ ਉਤਾਰ ਦਿੱਤਾ ਗਿਆ ਹੈ। ਮੁਸਤਫ਼ਾ ਨੂੰ ਹੁਣ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਭੇਜਿਆ ਗਿਆ ਹੈ।
ਮੁਹੰਮਦ ਮੁਸਤਫ਼ਾ ਯੂਪੀਐਸਸੀ ਵੱਲੋਂ ਚੁਣੇ ਗਏ ਡੀਜੀਪੀਜ਼ ਦੇ ਪੈਨਲ ਵਿੱਚ ਆਪਣਾ ਨਾਂਅ ਨਾ ਆਉਣ ਤੋਂ ਖਫਾ ਸਨ ਤੇ ਸੁਪਰੀਮ ਕੋਰਟ ਜਾਣ ਦੀ ਧਮਕੀ ਵੀ ਦੇ ਚੁੱਕੇ ਸਨ। ਮੁਸਤਫ਼ਾ ਨੇ ਸਰਕਾਰ ਨੂੰ ਲਿਖਤੀ ਰੂਪ ਵਿੱਚ ਕਹਿ ਦਿੱਤਾ ਸੀ ਕਿ ਉਹ ਆਪਣੇ ਤੋਂ ਜੂਨੀਅਰ ਡੀਜੀਪੀ ਅਧੀਨ ਕੰਮ ਨਹੀਂ ਕਰਨਗੇ, ਇਸ ਲਈ ਉਨ੍ਹਾਂ ਨੂੰ ਐਸਟੀਐਫ ਮੁਖੀ ਦੇ ਅਹੁਦੇ ਤੋਂ ਮੁਕਤ ਕੀਤਾ ਜਾਵੇ।
ਹੁਣ ਸਰਕਾਰ ਨੇ ਮੁਸਤਫ਼ਾ ਦੀ ਥਾਂ ਵਧੀਕ ਡੀਜੀਪੀ ਗੁਰਪ੍ਰੀਤ ਦਿਓ ਨੂੰ ਐਸਟੀਐਫ ਮੁਖੀ ਲਾਇਆ ਗਿਆ ਹੈ। ਪੰਜਾਬ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਬਣਾਈ ਟੀਮ ਦੀ ਕਮਾਨ ਹੁਣ ਮਹਿਲਾ ਪੁਲਿਸ ਅਧਿਕਾਰੀ ਕੋਲ ਆ ਗਈ ਹੈ।
ਬਦਲੀਆਂ ਦੀ ਪੂਰੀ ਸੂਚੀ ਵੇਖਣ ਲਈ ਇੱਥੇ ਕਲਿੱਕ ਕਰੋ - 5 ਡੀਜੀਪੀ ਸਮੇਤ ਪੰਜਾਬ ਪੁਲਿਸ ਦੇ 10 ਉੱਚ ਅਧਿਕਾਰੀ ਬਦਲੇ