ਚੰਡੀਗੜ੍ਹ: ਪੰਚਾਇਤ ਤੇ ਪੇਂਡੂ ਵਿਕਾਸ ਮਹਿਕਮੇ ਦੇ ਸੀਨੀਅਰ ਅਫਸਰ ਉੱਪਰ ਉਨ੍ਹਾਂ ਦੇ ਦਫਤਰ ਦੀਆਂ ਮਹਿਲਾ ਕਰਮਚਾਰੀਆਂ ਨੇ ਬਦਸਲੂਕੀ ਦੇ ਇਲਜ਼ਾਮ ਲਾਏ ਹਨ। ਸੂਤਰਾਂ ਮੁਤਾਬਕ ਇਹ ਅਫ਼ਸਰ ਮਹਿਲਾਵਾਂ ਨਾਲ ਦਫਤਰੀ ਕੰਮਕਾਜ ਦੌਰਾਨ ਲਗਾਤਾਰ ਛੇੜਛਾੜ ਦੀ ਕੋਸ਼ਿਸ਼ ਕਰਦਾ ਸੀ। ਇਸ ਦੀ ਸ਼ਿਕਾਇਤ ਮਹਿਲਾਵਾਂ ਨੇ ਲਿਖਤੀ ਤੌਰ 'ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਹੈ। ਸੂਤਰਾਂ ਮੁਤਾਬਕ ਇਹ ਅਫ਼ਸਰ ਮਾਮਲੇ ਤੋਂ ਡਰਦਿਆਂ ਹਫਤੇ ਦੀ ਛੁੱਟੀ 'ਤੇ ਚਲਾ ਗਿਆ ਹੈ।   ਵਿਭਾਗ ਦੇ ਮੁੱਖ ਪ੍ਰਿੰਸੀਪਲ ਸਕੱਤਰ ਅਨੁਰਾਗ ਵਰਮਾ ਦਾ ਕਹਿਣਾ ਹੈ ਕਿ ਅਫ਼ਸਰ 'ਤੇ ਲੱਗੇ ਇਲਜ਼ਾਮਾਂ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ। ਜੇ ਇਲਜ਼ਾਮ ਸਹੀ ਸਾਬਤ ਹੋਏ ਤਾਂ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦਾ ਕਹਿਣਾ ਹੈ ਕਿ ਇਸ ਬਾਰੇ ਪਤਾ ਲੱਗਿਆ ਹੈ। ਵਿਭਾਗ ਦੀਆਂ ਮਹਿਲਾਵਾਂ ਨੂੰ ਬੁਲਾ ਕੇ ਗੱਲਬਾਤ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਵੇਗੀ। ਪਤਾ ਲੱਗਾ ਹੈ ਕਿ ਇਹ ਮਾਮਲਾ ਮੁੱਖ ਮੰਤਰੀ ਦਫ਼ਤਰ ਤੱਕ ਵੀ ਪੁੱਜ ਚੁੱਕਾ ਹੈ। ਇਸੇ ਕਰਕੇ ਵਿਭਾਗ ਅਫ਼ਸਰ ਖਿਲਾਫ ਸਰਗਰਮ ਹੋਇਆ ਹੈ।