ਅੰਮ੍ਰਿਤਸਰ: ਗੁਰੂ ਨਗਰੀ 'ਚ ਸਥਿਤ ਦੁਰਗਿਆਣਾ ਮੰਦਰ ਨਾਲ ਲੱਗਦੇ ਇਤਿਹਾਸਕ ਬੜਾ ਹਨੂੰਮਾਨ ਮੰਦਰ ਵਿੱਚ ਹਰ ਸਾਲ ਨਵਰਾਤਿਆਂ ਦੌਰਾਨ ਮਨਾਇਆ ਜਾਣ ਵਾਲਾ ਲੰਗੂਰ ਮੇਲਾ ਅੱਜ ਸ਼ੁਰੂ ਹੋ ਗਿਆ ਹੈ। ਹਰ ਸਾਲ ਅੱਸੂ ਮਹੀਨੇ ਦੇ ਪਹਿਲੇ ਨਵਰਾਤੇ ਵਾਲੇ ਦਿਨ ਸ਼ੁਰੂ ਹੋਣ ਵਾਲੇ ਇਸ ਲੰਗੂਰ ਮੇਲੇ ਵਿੱਚ ਖ਼ਾਸੀ ਰੌਣਕ ਵੇਖਣ ਨੂੰ ਮਿਲਦੀ ਹੈ। ਇਸ ਮੇਲੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਹਰ ਨਵਾਰਤੇ ਵਾਲੇ ਦਿਨ ਇੱਥੇ ਮੱਥਾ ਟਿਕਾਉਣ ਆਉਂਦੇ ਹਨ। ਮੰਦਰ ਦੇ ਪੁਜਾਰੀਆਂ ਦਾ ਕਹਿਣਾ ਹੈ ਕਿ ਜੋ ਲੋਕ ਇਸ ਮੰਦਰ ਵਿੱਚ ਪੁੱਤਰ ਪ੍ਰਾਪਤੀ ਲਈ ਮੰਨਤ ਮੰਨਦੇ ਹਨ, ਉਨ੍ਹਾਂ ਦੀ ਮੰਨਤ ਪੂਰੀ ਹੋਣ ਮਗਰੋਂ ਉਨ੍ਹਾਂ ਨੂੰ ਆਪਣੇ ਪੁੱਤਰ ਨੂੰ ਲੰਗੂਰ ਦੇ ਬਾਣੇ ਵਿੱਚ ਇੱਥੇ ਆ ਕੇ ਹਰ ਨਵਰਾਤੇ ਵਾਲੇ ਦਿਨ ਸਵੇਰੇ ਸ਼ਾਮ ਮੱਥਾ ਟਿਕਵਾਉਣਾ ਪੈਂਦਾ ਹੈ।