ਚੰਡੀਗੜ੍ਹ :  ਖ਼ਾਲੀ ਖ਼ਜ਼ਾਨਿਆਂ ਵਾਲੀ ਸਰਕਾਰ ਨੇ ਹੁਣ ਗੁਰਦਾਸਪੁਰ ਜ਼ਿਮਨੀ ਚੋਣ ਦੇ ਮੱਦੇਨਜ਼ਰ 10ਵੀਂ ਵਾਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਇਹ ਟਿੱਪਣੀ  ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਮੰਤਰੀ ਮੰਡਲ ਦੇ ਫ਼ੈਸਲੇ 'ਤੇ ਕੀਤੀ ਹੈ। ਪ੍ਰੈੱਸ ਬਿਆਨ ਵਿਚ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਥਾਂ ਸਰਕਾਰ ਚੋਣ ਪ੍ਰਚਾਰ ਮੁਹਿੰਮ ਵਾਂਗ ਐਲਾਨ 'ਤੇ ਐਲਾਨ ਕਰਨ 'ਚ ਲੱਗੀ ਹੋਈ ਹੈ। ਸੂਬੇ ਦੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ ਕਿ ਰਾਜ ਮੰਤਰੀ ਮੰਡਲ ਵੱਲੋਂ ਲਏ ਗਏ ਫ਼ੈਸਲੇ ਜਾਂ ਵਿਧਾਨ ਸਭਾ ਵਿਚ ਕੀਤੇ ਗਏ ਐਲਾਨ ਲਾਗੂ ਨਾ ਕੀਤੇ ਗਏ ਹੋਣ ਤੇ ਇੱਕ ਐਲਾਨ ਦੇ ਮਗਰੋਂ ਇਸੇ ਦੇ ਦੂਜੇ ਰੂਪ ਦਾ ਐਲਾਨ ਹੁੰਦਾ ਆ ਰਿਹਾ ਹੋਵੇ। ਕਰਜ਼ਾ ਮੁਆਫ਼ੀ ਦੇ ਨੋਟੀਫ਼ਿਕੇਸ਼ਨ ਦੇ ਤਾਜ਼ਾ ਐਲਾਨ 'ਤੇ ਵਰ੍ਹਦਿਆਂ ਮਜੀਠੀਆ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਅਜਿਹਾ ਪਹਿਲੀ ਵਾਰ ਹੈ, ਜਦੋਂ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਾ ਦਿੱਤੀਆਂ ਗਈਆਂ ਹੋਣ ਅਤੇ ਉਸੇ ਮਹੀਨੇ ਸਰਕਾਰ ਕਰਜ਼ਾ ਮੁਆਫ਼ੀ ਦਾ ਐਲਾਨ ਕਰ ਰਹੀ ਹੈ ਤੇ ਇਹ ਸਪਸ਼ਟ ਨਹੀਂ ਕਰ ਰਹੀ ਕਿ ਪੈਸੇ ਕਿਵੇਂ ਅਦਾ ਕਰੇਗੀ। ਕਰਜ਼ਾ ਮੁਆਫ਼ੀ ਦੇ ਨੋਟੀਫ਼ਿਕੇਸ਼ਨ ਦੇ ਤਾਜ਼ਾ ਕਦਮ ਨੂੰ ਸਰਕਾਰ ਦਾ ਇੱਕ ਹੋਰ ਝੂਠਾ ਤੇ ਗੁਮਰਾਹਕੁਨ ਏਜੰਡਾ ਕਰਾਰ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਅਜਿਹਾ ਕਰਕੇ ਸਰਕਾਰ ਰਾਜ ਦੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੇਵਾ ਵਿਚ ਲੱਗੇ ਕਿਸਾਨਾਂ ਨਾਲ ਬੇਬੁਨਿਆਦ ਐਲਾਨ ਕਰਕੇ ਇਸ ਕਿਸਮ ਦਾ ਕੋਝਾ ਮਜ਼ਾਕ ਅਣਮਨੁੱਖੀ ਕਾਰਾ ਹੈ।