Monkeypox Suspected Case  in Amritsar : ਅੰਮ੍ਰਿਤਸਰ 'ਚ ਮੌਂਕੀਪੌਕਸ ਦਾ ਸ਼ੱਕੀ ਕੇਸ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਏਅਰਪੋਰਟ ਤੇ ਅਟਾਰੀ 'ਤੇ ਆਉਣ ਵਾਲੇ ਯਾਤਰੀਆਂ ਦੀ ਟੈਸਟਿੰਗ ਸ਼ੁਰੂ ਹੋ ਗਈ ਹੈ। ਅੰਮ੍ਰਿਤਸਰ ਦੇ ਏਅਰਪੋਰਟ ਅਤੇ ਅਟਾਰੀ 'ਤੇ ਪਹਿਲਾਂ ਤੋਂ ਤੈਨਾਤ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਕੀਤੇ ਹਨ ਅਤੇ ਲੱਛਣਾਂ ਦੀ ਸੂਚੀ ਵੀ ਭੇਜੀ ਗਈ ਹੈ। 


ਅੰਮ੍ਰਿਤਸਰ 'ਚ ਆਏ ਸ਼ੱਕੀ ਯਾਤਰੀ ਨੇ ਦਿੱਲੀ ਵਾਲੇ ਪਾਜ਼ੀਟਿਵ ਮੁਸਾਫਰ ਨਾਲ ਸਫਰ ਕੀਤਾ ਸੀ। ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਮੁਤਾਬਕ ਸ਼ੱਕੀ ਯਾਤਰੀ ਨੂੰ ਕੁਆਰਨਟੀਨ ਕਰ ਦਿੱਤਾ ਹੈ। ਅੰਮ੍ਰਿਤਸਰ ਦੇ ਮੈਡੀਕਲ ਕਾਲਜ 'ਚ ਟੀਮਾਂ ਤਿਆਰ ਹਨ ਅਤੇ ਸੈੰਪਲਾਂ ਦੀ ਜਾਂਚ ਹੋਵੇਗੀ। ਸਕਿਨ ਵਿਭਾਗ ਦੇ ਮੁਖੀ  ਮੌਂਕੀਪੌਕਸ ਦੇ ਯਾਤਰੀਆਂ ਦੇ ਟੈਸਟਾਂ ਦੀ ਨਿਗਰਾਨੀ ਕਰਨਗੇ।

 

ਕੋਵਿਡ ਬਾਰੇ ਸਿਵਲ ਸਰਜਨ

ਅੰਮ੍ਰਿਤਸਰ 'ਚ ਕੋਵਿਡ ਦੇ ਮੌਜੂਦਾ ਸਮੇੰ 'ਚ ਸਿਰਫ 28 ਕੇਸ ਹਨ, ਜਿਨਾਂ 'ਚੋੰ ਇਕ ਅੇੈਕਟਿਵ ਕੇਸ ਹਸਪਤਾਲ 'ਚ ਜੇਰੇ ਇਲਾਜ ਹੈ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਹਾਲੇ ਤਕ 95 ਫੀਸਦੀ ਪਹਿਲੀ ਡੋਜ਼ ਲੈ ਚੁੱਕੇ ਹਨ ਤੇ 80 ਫੀਸਦੀ ਲੋਕ ਦੂਜੀ ਡੋਜ ਲਗਾ ਚੁੱਕੇ ਹਨ ਤੇ ਲੋਕਾਂ ਨੂੰ ਅਪੀਲ ਕੀਤੀ ਹੈ ,ਜਿਨਾਂ ਲੋਕਾਂ ਨੇ ਦੂਜੀ ਡੋਜ ਨਹੀ ਲਈ, ਉਹ ਤੁਰੰਤ ਲੈਣ ਪਰ ਹਾਲੇ ਵੀ ਲੋਕ ਅਹਿਤਿਆਤ ਰੱਖਣ। 

 

ਦੱਸ ਦੇਈਏ ਕਿ ਦੇਸ਼ ਭਰ ਵਿੱਚ ਕੋਰੋਨਾ ਦੇ ਮਾਮਲੇ ਵੀ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਇਸ ਦੌਰਾਨ ਭਾਰਤ ਵਿੱਚ ਵੀ ਮੌਂਕੀਪੌਕਸ ਦੇ ਕੁਝ ਮਾਮਲੇ ਸਾਹਮਣੇ ਆਏ ਹਨ।  ਕੋਰੋਨਾ ਵਾਇਰਸ ਦੇ ਮੁੜ ਵੱਧ ਰਹੇ ਕੇਸਾਂ ਦੇ ਵਿਚਕਾਰ ਹੁਣ ਮੌਂਕੀਪੌਕਸ ਦਾ ਖ਼ਤਰਾ ਮੰਡਰਾ ਰਿਹਾ ਹੈ। ਇਨ੍ਹਾਂ ਬਿਮਾਰੀਆਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ।    

 

ਮੌਂਕੀਪੌਕਸ ਦੇ ਇਸ ਖ਼ਤਰੇ ਦੇ ਮੱਦੇਨਜ਼ਰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ ਵਾਇਰਸ ਖੋਜ ਅਤੇ ਡਾਇਗਨੌਸਟਿਕ ਲੈਬਾਰਟਰੀ ਨੂੰ ਵਾਇਰਸ ਦਾ ਪਤਾ ਲਗਾਉਣ ਅਤੇ ਟੈਸਟ ਕਰਨ ਲਈ ਅਧਿਕਾਰਤ ਕੀਤਾ ਹੈ।