ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵਿੱਚ ਦੋ ਵੱਡੇ ਧਮਾਕਿਆਂ ਤੋਂ ਬਾਅਦ ਅਜੇ ਹੋਰ ਬਲਾਸਟ ਹੋਣ ਵਾਲੇ ਹਨ। ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਤੋਂ ਬਾਅਦ ਡਾ. ਰਤਨ ਸਿੰਘ ਅਜਨਾਲਾ ਵੀ ਅਸਤੀਫਾ ਦੇਣਗੇ। ਉਹ ਅੱਜ ਬ੍ਰਹਮਪੁਰਾ ਦੇ ਨਾਲ ਮੌਜੂਦ ਸਨ ਪਰ ਉਨ੍ਹਾਂ ਕਿਹਾ ਕਿ ਸਹੀ ਸਮਾਂ ਆਉਣ 'ਤੇ ਅਸਤੀਫਾ ਦੇ ਦੇਣਗੇ। ਇਨ੍ਹਾਂ ਲੀਡਰਾਂ ਨੇ ਦਾਅਵਾ ਕੀਤਾ ਕਿ ਸੇਵਾ ਸਿੰਘ ਸੇਖਵਾਂ ਸਣੇ ਉਨ੍ਹਾਂ ਨਾਲ ਹੋਰ ਕਈ ਲੀਡਰ ਹਨ ਤੇ ਇਹ ਕਾਫਲਾ ਵਧਦਾ ਜਾ ਰਿਹਾ ਹੈ।

 

ਸੂਤਰਾਂ ਮੁਤਾਬਕ ਇਨ੍ਹਾਂ ਲੀਡਰਾਂ ਦੇ ਰਣਨੀਤੀ ਹੈ ਕਿ ਅਕਾਲੀ ਦਲ ਨੂੰ ਹੌਲੀ-ਹੌਲੀ ਲਗਾਤਾਰ ਝਟਕੇ ਦਿੱਤੇ ਜਾਣ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਲੀਡਰਾਂ ਦਾ ਤਾਲਮੇਲ ਬਰਗਾੜੀ ਮੋਰਚਾ ਦੇ ਲੀਡਰਾਂ ਨਾਲ ਬਣਿਆ ਹੋਇਆ ਹੈ। ਇਸ ਲਈ ਆਉਂਦੇ ਦਿਨਾਂ ਵਿੱਚ ਸਿੱਖ ਸਿਆਸਤ ਕੋਈ ਨਵਾਂ ਮੋੜ ਲੈ ਸਕਦੀ ਹੈ।

ਇਸ ਮੌਕੇ ਡਾਕਟਰ ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਸਾਡਾ ਕਾਫ਼ਲਾ ਵੱਡਾ ਹੋ ਰਿਹਾ ਹੈ। ਇਸ ਕਾਫ਼ਲੇ ਨੂੰ ਲੋਕ ਵੱਡਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਛੇਤੀ ਹੀ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸੇਵਾ ਸਿੰਘ ਸੇਖਵਾਂ ਵੀ ਉਨ੍ਹਾਂ ਦੇ ਨਾਲ ਹਨ ਪਰ ਅੱਜ ਚੰਡੀਗੜ੍ਹ ਕੰਮ ਸੀ। ਇਸ ਲਈ ਨਾਲ ਨਹੀਂ ਆ ਸਕੇ।

ਉਧਰ, ਬ੍ਰਹਮਪੁਰਾ ਨੇ ਚਾਹੇ ਸਿਹਤ ਦਾ ਹਵਾਲਾ ਦੇ ਕੇ ਅਸਤੀਫਾ ਦਿੱਤਾ ਹੈ ਪਰ ਉਨ੍ਹਾਂ ਦੀਆਂ ਟਿੱਪਣੀਆਂ ਸਪਸ਼ਟ ਕਰ ਗਈਆਂ ਕਿ ਉਨ੍ਹਾਂ ਨੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੀ ਕਾਰਜਸ਼ੈਲੀ ਤੋਂ ਅੱਕ ਕੇ ਅਸਤੀਫਾ ਦਿੱਤਾ ਹੈ। ਇਸ ਤੋਂ ਇਲਾਵਾ ਡੇਰਾ ਮੁਖੀ ਨੂੰ ਮਾਫੀ ਦੇ ਮਾਮਲੇ 'ਤੇ ਵੀ ਉਹ ਲੀਡਰਸ਼ਿਪ ਤੋਂ ਔਖੇ ਨਜ਼ਰ ਆਏ।

ਬ੍ਰਹਮਪੁਰਾ ਤੋਂ ਜਦੋਂ ਪੁੱਛਿਆ ਗਿਆ ਕਿ ਸੀਨੀਅਰ ਲੀਡਰਾਂ ਦੇ ਅਸਤੀਫਿਆਂ ਮਗਰੋਂ ਪਾਰਟੀ ਕੌਣ ਸੰਭਾਲੇਗਾ। ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵਗਰੇ ਵੱਡੇ ਲੀਡਰ ਆਪੇ ਪਾਰਟੀ ਚਲਾ ਲੈਣਗੇ। ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮਾਫ਼ੀ ਨੇ ਸੱਤਿਆਨਾਸ ਕਰਕੇ ਰੱਖ ਦਿੱਤਾ।

ਬ੍ਰਹਮਪੁਰਾ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਖਾਸੇ ਨਾਰਾਜ਼ ਦਿਖੇ। ਉਨ੍ਹਾਂ ਕਿਹਾ ਕਿ ਸੱਤ ਅਕਤੂਬਰ ਦੀ ਰੈਲੀ ਤੋਂ ਬਾਅਦ ਕੋਈ ਸੰਪਰਕ ਨਹੀਂ ਹੋਇਆ। ਬ੍ਰਹਮਪੁਰਾ ਨੇ ਇਹ ਵੀ ਦੱਸਿਆ ਕਿ ਬਾਦਲ ਨੇ ਪਹਿਲਾਂ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸੰਪਰਕ ਨਹੀਂ ਹੋ ਸਕਿਆ।