ਚੰਡੀਗੜ੍ਹ: ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣਨ ਵਿੱਚ ਕਿਵੇਂ ਕਾਮਯਾਬ ਹੋਏ? ਇਹ ਸਵਾਲ ਮੀਡੀਆ ਤੇ ਆਮ ਸਿੱਖ ਅੰਦਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵੱਡਾ ਪੰਥਕ ਸੰਕਟ ਹੋਣ ਦੇ ਬਾਵਜੂਦ ਛੋਟੀ ਉਮਰ ਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਵੱਕਾਰੀ ਅਹੁਦੇ 'ਤੇ ਬੈਠਾਇਆ ਗਿਆ ਹੈ। ਚਰਚਾ ਇਹ ਵੀ ਹੈ ਕਿ ਇਹ ਫੈਸਲਾ ਵੀ ਬਾਦਲਾਂ ਦੇ ਇਸ਼ਾਰੇ 'ਤੇ ਸ਼੍ਰੋਮਣੀ ਕਮੇਟੀ ਨੇ ਕੀਤਾ ਹੈ। ਦਿਲਚਸਪ ਤੱਥ ਹੈ ਕਿ ਸੇਵਾ ਮੁਕਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਬਾਦਲਾਂ ਦੇ ਗੜ੍ਹ ਜ਼ਿਲ੍ਹਾ ਮੁਕਤਸਰ ਦੇ ਸਨ। ਗਿਆਨੀ ਹਰਪ੍ਰੀਤ ਸਿੰਘ ਵੀ ਜ਼ਿਲ੍ਹਾ ਮੁਕਤਸਰ ਦੇ ਕਸਬਾ ਗਿੱਦੜਬਾਹਾ ਤੋਂ ਹਨ।

 

ਅਹਿਮ ਗੱਲ਼ ਹੈ ਕਿ ਇਸ ਨਿਯੁਕਤੀ ਲਈ ਸ਼੍ਰੋਮਣੀ ਕਮੇਟੀ ਨੇ ਪੰਥਕ ਜਥੇਬੰਦੀਆਂ ਨਾਲ ਵੀ ਕੋਈ ਵਿਚਾਰ ਚਰਚਾ ਨਹੀਂ ਕੀਤੀ। ਇਸ ਬਾਰੇ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਫਿਲਹਾਲ ਕਾਰਜਕਾਰੀ ਜਥੇਦਾਰ ਲਾਇਆ ਗਿਆ ਹੈ। ਇਸ ਮਗਰੋਂ ਪੱਕੇ ਤੌਰ 'ਤੇ ਜਥੇਦਾਰ ਦੀ ਨਿਯੁਕਤੀ ਸਮੂਹ ਪੰਥਕ ਧਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਹੀ ਕੀਤੀ ਜਾਏਗੀ। ਸਿੱਖ ਪੰਥ ਵਿੱਚ ਇਹ ਮੰਗ ਕੀਤੀ ਜਾ ਰਹੀ ਸੀ ਕਿ ਜਥੇਦਾਰ ਦੀ ਨਿਯੁਕਤੀ ਸਮੂਹ ਸਿੱਖ ਸੰਸਥਾਵਾਂ ਦੀ ਸਲਾਹ ਨਾਲ ਹੀ ਕੀਤੀ ਜਾਵੇ।

ਦਰਅਸਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਵੱਡੇ ਸੰਕਟ ਵਿੱਚ ਘਿਰਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਭੁਗਤਣ ਦੇ ਇਲਜ਼ਾਮਾਂ ਕਰਕੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਖਿਲਾਫ ਸਿੱਖ ਸੰਗਤ ਵਿੱਚ ਰੋਹ ਸੀ। ਇਸ ਲਈ ਬਾਦਲ ਪਰਿਵਾਰ ਉਨ੍ਹਾਂ ਨੂੰ ਹਟਾ ਕੇ ਕਿਸੇ ਅਜਿਹੇ ਸ਼ਖ਼ਸ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲਾਉਣਾ ਚਾਹੁੰਦੇ ਸੀ ਜਿਹੜੇ ਉਨ੍ਹਾਂ ਦੇ ਭਰੋਸੇਯੋਗ ਹੋਣ ਤੇ ਉਨ੍ਹਾਂ ਦਾ ਅਕਸ ਵੀ ਸਾਫ ਸੁਥਰਾ ਹੋਏ।

ਗਿਆਨੀ ਹਰਪ੍ਰੀਤ ਸਿੰਘ ਸਭ ਤੋਂ ਵੱਧ ਪੜ੍ਹੇ-ਲਿਖੇ ਜਥੇਦਾਰ ਹਨ। ਉਹ ਪੰਜਾਬੀ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਹੇ ਹਨ। ਉਨ੍ਹਾਂ ਨਾਲ ਅਜੇ ਤੱਕ ਕੋਈ ਵਿਵਾਦ ਨਹੀਂ ਜੁੜਿਆ। ਉਨ੍ਹਾਂ ਦੀ ਸਭ ਤੋਂ ਵੱਡੀ ਯੋਗਤਾ ਇਹ ਹੈ ਕਿ ਉਹ ਗਿੱਦੜਬਾਹ ਤੋਂ ਹਨ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦੀ ਕਾਫੀ ਨੇੜਤਾ ਹੈ। ਅਜਿਹੇ ਵਿੱਚ ਬਾਦਲ ਪਰਿਵਾਰ ਨੇ ਗਿਆਨੀ ਹਰਪ੍ਰੀਤ ਸਿੰਘ 'ਤੇ ਭਰੋਸਾ ਪ੍ਰਗਟਾਇਆ ਹੈ।

ਗਿਆਨੀ ਹਰਪ੍ਰੀਤ ਸਿੰਘ ਚਾਹੇ ਬਾਦਲਾਂ ਦੇ ਬੇਅਦਬੀ ਕਾਂਡ ਵਿੱਚ ਨਾਂ ਆਉਣ ਬਾਰੇ ਕੁਝ ਵੀ ਨਹੀਂ ਬੋਲ ਰਹੇ ਪਰ ਉਨ੍ਹਾਂ ਨੇ ਤਖ਼ਤਾਂ ਦੇ ਮਾਣ-ਸਨਮਾਨ ਨੂੰ ਉੱਚਾ ਚੁੱਕਣ ਤੇ ਪੰਥਕ ਏਕਤਾ ਦੀ ਬਹਾਲੀ ਨੂੰ ਆਪਣਾ ਪ੍ਰਮੁੱਖ ਏਜੰਡਾ ਦੱਸਿਆ ਹੈ। ਉਨ੍ਹਾਂ ਆਖਿਆ ਕਿ ਜਿਵੇਂ ਪਿਛਲੇ ਸਮੇਂ ਦੌਰਾਨ ਤਖ਼ਤਾਂ ਦੇ ਮਾਣ-ਸਨਮਾਨ ਤੇ ਜਥੇਦਾਰ ਦੇ ਰੁਤਬੇ ’ਤੇ ਉਂਗਲ ਉੱਠੀ ਹੈ ਤੇ ਪੰਥਕ ਏਕਤਾ ਤੇ ਪੰਥਕ ਮਤਭੇਦ ਵੀ ਕਾਫ਼ੀ ਬਣੇ ਹੋਏ ਹਨ, ਇਸ ਤੋਂ ਸਾਫ਼ ਹੈ ਕਿ ਚੁਣੌਤੀਆਂ ਘੱਟ ਨਹੀਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿੱਖ ਸੰਪਰਦਾਵਾਂ, ਸਿੱਖ ਵਿਦਵਾਨਾਂ ਤੋਂ ਇਲਾਵਾ ਸਾਰੀਆਂ ਪੰਥਕ ਧਿਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੇ ਸੁਝਾਅ ਲਏ ਜਾਣਗੇ।

ਕੌਣ ਹਨ ਗਿਆਨੀ ਹਰਪ੍ਰੀਤ ਸਿੰਘ-

ਗਿਆਨੀ ਹਰਪ੍ਰੀਤ ਸਿੰਘ ਦੀ 20 ਅਪਰੈਲ, 2017 ਨੂੰ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਤਾਇਨਾਤੀ ਹੋਈ ਸੀ। ਕਰੀਬ ਡੇਢ ਵਰ੍ਹੇ ਮਗਰੋਂ ਹੁਣ ਉਨ੍ਹਾਂ ਨੂੰ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਤੋਂ ਧਰਮਾਂ ਦੇ ਤੁਲਨਾਤਮਿਕ ਅਧਿਐਨ ਵਿਸ਼ੇ ’ਤੇ ਪੋਸਟ ਗਰੈਜੂਏਸ਼ਨ ਕੀਤੀ ਹੈ ਤੇ ਸਾਲ 2014 ਵਿੱਚ ਪੀਐਚਡੀ ਲਈ ਉਨ੍ਹਾਂ ਦੀ ਐਨਰੋਲਮੈਂਟ ਹੋਈ ਹੈ। ਉਨ੍ਹਾਂ ਦਾ ਸਾਲ 2015 ਵਿਚ ਪੀਐਚ.ਡੀ. ਦਾ ਵਿਸ਼ਾ ਰਜਿਸਟਰਡ ਹੋਇਆ ਹੈ ਤੇ ਉਹ ਪੰਜਾਬੀ ’ਵਰਸਿਟੀ ਦੇ ਡਾ. ਮੁਹੰਮਦ ਹਬੀਬ ਦੀ ਨਿਗਰਾਨੀ ਹੇਠ ਪੀਐਚ.ਡੀ. ਕਰ ਰਹੇ ਹਨ।