ਚੰਡੀਗੜ੍ਹ: ਪੰਜਾਬ ਵਿੱਚ ਕਾਂਗਰਸ ਦੇ 86 ਉਮੀਦਵਾਰਾਂ ਦੀ ਪਹਿਲੀ ਸੂਚੀ ਤੋਂ ਬਾਅਦ ਹਿੱਲਜੁੱਲ ਸ਼ੁਰੂ ਹੋ ਗਈ ਹੈ। ਕਾਂਗਰਸ ਦੀ ਪਹਿਲੀ ਲਿਸਟ ਵਿੱਚ 4 ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ। ਇਸ ਮਗਰੋਂ ਦਰਜਨ ਤੋਂ ਵੱਧ ਹੋਰ ਵਿਧਾਇਕਾਂ ਵਿੱਚ ਹਲਚਲ ਮੱਚ ਗਈ ਹੈ। ਸੂਤਰਾਂ ਮੁਤਾਬਕ ਇਨ੍ਹਾਂ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ ਜਾਂ ਫਿਰ ਹਲਕਾ ਬਦਲਿਆ ਜਾ ਸਕਦਾ ਹੈ।  



ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਧਾਇਕਾਂ ਦੀਆਂ ਟਿਕਟਾਂ ਉੱਪਰ ਚਰਚਾ ਹੋਈ ਹੈ ਪਰ ਇਨ੍ਹਾਂ ਹੋਲਡ ਰੱਖ ਲਿਆ ਗਿਆ ਹੈ। ਇਨ੍ਹਾਂ ਵਿਧਾਇਕਾਂ ਵਿੱਚ ਕੁਲਦੀਪ ਵੈਦ, ਦਵਿੰਦਰ ਘੁਬਾਇਆ, ਰਮਿੰਦਰ ਆਂਵਲਾ, ਜੋਗਿੰਦਰਪਾਲ ਭੋਆ, ਤਰਸੇਮ ਡੀਸੀ, ਸੁਖਪਾਲ ਭੁੱਲਰ, ਰਮਨਜੀਤ ਸਿੱਕੀ, ਅੰਗਦ ਸਿੰਘ, ਅਮਰੀਕ ਸਿੰਘ ਢਿੱਲੋਂ, ਸਤਕਾਰ ਕੌਰ, ਸੁਰਜੀਤ ਧੀਮਾਨ, ਨਿਰਮਲ ਸਿੰਘ ਸ਼ਾਮਲ ਹਨ।

ਦੱਸ ਦਈਏ ਕਿ ਕਾਂਗਰਸ ਨੇ ਪਹਿਲੀ ਸੂਚੀ 'ਚ 4 ਵਿਧਾਇਕਾਂ ਦੇ ਨਾਂ ਹਟਾ ਦਿੱਤੇ ਹਨ। ਇਨ੍ਹਾਂ ਵਿੱਚ ਮੋਗਾ ਤੋਂ ਹਰਜੋਤ ਕਮਲ ਦੀ ਥਾਂ ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਟਿਕਟ ਦਿੱਤੀ ਗਈ ਹੈ। ਨਾਰਾਜ਼ ਹਰਜੋਤ ਭਾਜਪਾ 'ਚ ਸ਼ਾਮਲ ਹੋ ਗਏ ਹਨ। ਇਸੇ ਤਰ੍ਹਾਂ ਮਲੋਟ ਤੋਂ ਅਜਾਇਬ ਭੱਟੀ ਦੀ ਥਾਂ ‘ਆਪ’ ਤੋਂ ਪਾਰਟੀ ਵਿੱਚ ਆਈ ਰੁਪਿੰਦਰ ਰੂਬੀ ਨੂੰ ਟਿਕਟ ਦਿੱਤੀ ਗਈ ਹੈ। ਸ੍ਰੀ ਹਰਗੋਬਿੰਦਪੁਰ ਤੋਂ ਬਲਵਿੰਦਰ ਲਾਡੀ ਦੀ ਟਿਕਟ ਰੱਦ ਹੋ ਗਈ ਹੈ। ਉਹ 6 ਦਿਨਾਂ ਲਈ ਭਾਜਪਾ ਵਿੱਚ ਚਲੇ ਗਏ ਸੀ ਪਰ ਫਿਰ ਵਾਪਸ ਆ ਗਏ ਸੀ। ਬੱਲੂਆਣਾ ਤੋਂ ਨੱਥੂਰਾਮ ਦੀ ਟਿਕਟ ਵੀ ਕੱਟੀ ਗਈ ਹੈ।

ਦੱਸ ਦਈਏ ਕਿ ਜਿਨ੍ਹਾਂ ਵਿਧਾਇਕਾਂ ਦੀ ਟਿਕਟ ਕੱਟੀ ਜਾਣ ਦਾ ਖਦਸ਼ਾ ਹੈ, ਉਹ ਪਿਛਲੇ ਸਮੇਂ ਦੌਰਾਨ ਵਿਵਾਦਾਂ ਵਿੱਚ ਵੀ ਰਹੇ ਹਨ। ਕੁਝ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਹਨ। ਇਸ ਤੋਂ ਇਲਾਵਾ ਕਈ ਸੀਟਾਂ ਉੱਪਰ ਕਾਂਗਰਸ ਕੋਲ ਇਸ ਵੇਲੇ ਹੋਰ ਮਜ਼ਬੂਤ ਦਾਅਵੇਦਾਰ ਹਨ। ਇਸ ਲਈ ਕਾਂਗਰਸ ਇਨ੍ਹਾਂ ਹਲਕਿਆਂ ਬਾਰੇ ਵਿਚਾਰ ਕਰ ਰਹੀ ਹੈ। 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :



 


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490