ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਦੀਆਂ ਮੰਡੀਆਂ 'ਚ ਕਣਕ ਦੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਅੱਜ ਤੀਜੇ ਦਿਨ ਕੰਮ ਲੀਹੇ ਚੜ੍ਹਨ ਲੱਗਾ ਹੈ। ਮੰਡੀ ਬੋਰਡ ਵੱਲੋਂ 1,15,590 ਕੂਪਨ ਜਾਰੀ ਕੀਤੇ ਜਾ ਚੁੱਕੇ ਹਨ। ਇਸ ਨਾਲ ਕੁਝ ਹੱਦ ਤੱਕ ਕਿਸਾਨਾਂ ਦੀ ਪ੍ਰੇਸ਼ਾਨੀ ਘਟੀ ਹੈ। ਅਗਲੇ ਦਿਨਾਂ ਵਿੱਚ ਪਾਸ ਜਾਰੀ ਕਰਨ ਦੀ ਗਿਣਤੀ ਹੋਰ ਵਧਾਈ ਜਾ ਸਕਦੀ ਹੈ। ਬੇਸ਼ੱਕ ਕੁਝ ਥਵਾਂ ਤੋਂ ਕਿਸਾਨਾਂ ਦੀ ਖੱਜਲ-ਖੁਆਰੀ ਦੀਆਂ ਰਿਪੋਰਟਾਂ ਆ ਰਹੀਆਂ ਹਨ ਪਰ ਕਣਕ ਦੀ ਖਰੀਦ ਪਟੜੀ 'ਤੇ ਚੜ੍ਹਦੀ ਦਿਖਾਈ ਦੇ ਰਹੀ ਹੈ।


ਦੂਜੇ ਪਾਸੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਮੰਡੀਆਂ 'ਚ ਸਰੀਰਕ ਦੂਰੀ ਬਣਾਈ ਰੱਖਣ ਸਮੇਤ ਹੋਰ ਹਦਾਇਤਾਂ ਦਾ ਪਾਲਣ ਕਰਵਾਉਣ ਲਈ ਪੰਜਾਬ ਪੁਲਿਸ ਵਾਲੰਟੀਅਰਾਂ ਦੀ ਸਹਾਇਤਾ ਲੈ ਰਹੀ ਹੈ। ਪੁਲਿਸ ਨੇ 8,620 ਸਿਪਾਹੀਆਂ ਦੇ ਨਾਲ 6,483 ਵਾਲੰਟੀਅਰ ਵੀ ਤਾਇਨਾਤ ਕੀਤੇ ਹਨ। ਉਂਝ ਕਿਸਾਨ ਵੀ ਇਸ ਨੂੰ ਲੈ ਕੇ ਕਾਫੀ ਚੌਕਸ ਦਿਖਾਈ ਦੇ ਰਹੇ ਹਨ। ਬੱਸ ਉਨ੍ਹਾਂ ਨੂੰ ਕਾਹਲ ਹੈ ਕਿ ਜਲਦ ਤੋਂ ਜਲਦ ਫਸਲ ਵਿਕ ਜਾਵੇ।


ਸ਼ੁੱਕਰਵਾਰ ਮੰਡੀ ਬੋਰਡ ਨੇ 41,375 ਕੂਪਨ ਜਾਰੀ ਕੀਤੇ ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਅੱਜ ਮੰਡੀਆਂ 'ਚ ਕਣਕ ਦੀ ਆਮਦ ਜ਼ਿਆਦਾ ਹੋਵੇਗੀ। ਸ਼ਨੀਵਾਰ ਲਈ 49,930 ਕੂਪਨ ਜਾਰੀ ਕੀਤੇ ਗਏ ਹਨ। ਮੰਡੀਆਂ 'ਚ ਹੁਣ ਤਕ ਕੁੱਲ 55,828 ਮੀਟ੍ਰਿਕ ਟਨ ਕਣਕ ਦੀ ਫ਼ਸਲ ਪਹੁੰਚ ਚੁੱਕੀ ਹੈ। ਇਸ 'ਚੋਂ ਵੱਖ-ਵੱਖ ਏਜੰਸੀਆਂ ਨੇ 39,196 ਮੀਟ੍ਰਿਕ ਟਨ ਕਣਕ ਦੀ ਖਰੀਦ ਕਰ ਲਈ ਹੈ।


ਡੀਜੀਪੀ ਦਿਨਕਰ ਗੁਪਤਾ ਮੁਤਾਬਕ ਪੁਲਿਸ ਇਹ ਯਕੀਨੀ ਬਣਾ ਰਹੀ ਹੈ ਕਿ ਰਾਤ ਦੇ ਸਮੇਂ ਕੰਬਾਈਨਾਂ ਨਾ ਚਲਾਈਆਂ ਜਾਣ। ਮੰਡੀਆਂ 'ਚ ਦਾਖ਼ਲ ਹੋਣ ਵਾਲੇ ਤੇ ਬਾਹਰ ਨਿਕਲਣ ਵਾਲੇ ਸਾਰੇ ਰਾਹਾਂ ਦੀ ਚੈਕਿੰਗ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਸਾਰੇ ਪਿੰਡਾਂ 'ਚ ਸਿਰਫ਼ ਕੂਪਨ ਵਾਲੇ ਕਿਸਾਨਾਂ ਨੂੰ ਆਪਣੀ ਇੱਕ ਟਰਾਲੀ ਦੇ ਨਾਲ ਮੰਡੀ ਜਾਣ ਦੀ ਇਜਾਜ਼ਤ ਦਿੱਤਾ ਜਾ ਰਹੀ ਹੈ।


ਤਾਇਨਾਤ ਕੀਤੇ ਵਾਲੰਟੀਅਰ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਸਮਾਜਿਕ ਦੂਰੀ ਬਣਾਉਣ, ਮਾਸਕ/ਦਸਤਾਨੇ ਪਾਉਣ ਤੇ ਸੈਨੀਟਾਇਜ਼ਰ ਦਾ ਇਸਤੇਮਾਲ ਜਿਹੇ ਨਿਯਮਾਂ ਦਾ ਪਾਲਣ ਕਰਵਾਉਣ 'ਚ ਪੁਲਿਸ ਦੀ ਮਦਦ ਕਰ ਰਹੇ ਹਨ।