ਅੰਮ੍ਰਿਤਸਰ: ਕਾਂਗਰਸ ਦੇ ਰਾਜ ਵਿੱਚ ਕਾਂਗਰਸੀ ਲੀਡਰ ਹੀ ਮਹਿਫੂਜ਼ ਨਹੀਂ। ਸੰਸਦ ਮੈਂਬਰਾਂ ਨੂੰ ਫਿਰੌਤੀ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਜਿਹੇ ਵਿੱਚ ਆਮ ਬੰਦਾ ਦਾ ਤਾਂ ਫਿਰ ਰੱਬ ਹੀ ਰਾਖਾ। ਜੀ ਹਾਂ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਤੇ ਮੁੜ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਫਿਰੌਤੀ ਦੀ ਧਮਕੀ ਮਿਲੀ ਹੈ। ਮੁਲਜ਼ਮਾਂ ਨੇ ਔਜਲਾ ਦੇ ਮੋਬਾਈਲ ’ਤੇ ਅਣਪਛਾਤੇ ਨੰਬਰ ਤੋਂ ਫੋਨ ਕਰਕੇ ਫਿਰੌਤੀ ਮੰਗੀ ਹੈ।

ਇਸ ਮਗਰੋਂ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਸ਼ਨਾਖ਼ਤ ਵਿਜੇ ਸ਼ਰਮਾ ਉਰਫ ਬੋਕੀ ਵਾਸੀ ਨਹਿਰੂ ਕਲੋਨੀ ਤੇ ਉਸ ਦੇ ਸਾਥੀ ਦੀਪਕ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਦੇਸੀ ਪਿਸਤੌਲ, ਮੋਬਾਈਲ, ਦਸ ਲੱਖ ਰੁਪਏ ਤੇ ਸਕੂਟਰ ਬਰਾਮਦ ਕੀਤਾ ਹੈ। ਉਨ੍ਹਾਂ ਨੇ ਮਾਲੀ ਕੋਲੋਂ ਖੋਹੇ ਮੋਬਾਈਲ ਰਾਹੀਂ ਫਿਰੌਤੀ ਸਬੰਧੀ ਫੋਨ ਕੀਤੇ ਸਨ।

ਕਾਬਲੇਗੌਰ ਹੈ ਕਿ ਔਜਲਾ ਦੇ ਮੋਬਾਈਲ ’ਤੇ ਪਿਛਲੇ ਕੁਝ ਦਿਨਾਂ ਤੋਂ ਫਿਰੌਤੀ ਸਬੰਧੀ ਫੋਨ ਆ ਰਹੇ ਸਨ। ਉਨ੍ਹਾਂ ਦਾ ਇਹ ਮੋਬਾਈਲ ਉਨ੍ਹਾਂ ਦੇ ਨਿੱਜੀ ਸਹਾਇਕ ਮਨਪ੍ਰੀਤ ਕੋਲ ਸੀ, ਜਿਸ ਨੇ ਇਸ ਮਾਮਲੇ ਨੂੰ ਵਧੇਰੇ ਗੰਭੀਰਤਾ ਨਾਲ ਨਹੀਂ ਲਿਆ ਪਰ ਜਦੋਂ ਕਈ ਵਾਰ ਫੋਨ ਆਏ ਤਾਂ ਉਸ ਨੇ ਔਜਲਾ ਨੂੰ ਸੂਚਿਤ ਕੀਤਾ। ਔਜਲਾ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰ ਲਿਆ।

ਪੁਲਿਸ ਕਮਿਸ਼ਨਰ ਐਸਐਸ ਸ੍ਰੀਵਾਸਤਵ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੁਖਵਿੰਦਰ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਯੋਜਨਾ ਬਣਾਈ ਸੀ, ਜਿਸ ਤਹਿਤ ਉਨ੍ਹਾਂ ਨੂੰ ਫਿਰੌਤੀ ਲਈ ਮੰਗੀ ਰਕਮ ਲੈਣ ਵਾਸਤੇ ਬੁਲਾਇਆ ਗਿਆ। ਦੱਸੀ ਗਈ ਥਾਂ ’ਤੇ ਪੁਲਿਸ ਤਾਇਨਾਤ ਕੀਤੀ ਗਈ। ਜਦੋਂ ਇਹ ਸ਼ੱਕੀ ਵਿਅਕਤੀ ਰਕਮ ਲੈਣ ਆਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤਾ ਵਿਜੇ ਅਪਰਾਧੀ ਗੌਰਵ ਬਾਵਾ ਦਾ ਸਾਥੀ ਹੈ, ਜਿਸ ਵੱਲੋਂ ਕਈ ਸਿਆਸੀ ਵਿਅਕਤੀਆਂ ਨਾਲ ਤਸਵੀਰ ਦਿਖਾ ਕੇ ਕਈਆਂ ਨੂੰ ਬਲੈਕਮੇਲ ਕੀਤਾ ਗਿਆ ਹੈ।