Punjab News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਮਗਰੋਂ ਨਵੇਂ ਜਥੇਦਾਰ ਥਾਪ ਦਿੱਤੇ ਹਨ। ਹੁਣ ਇਸ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਹੋ ਰਿਹਾ ਹੈ ਤੇ ਇਸ ਨੂੰ ਕਾਲੇ ਦਿਨ ਦਾ ਨਾਂਅ ਦਿੱਤਾ ਜਾ ਰਿਹਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਉਣ 'ਤੇ 'ਆਪ' ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ, "ਇਹ ਬਹੁਤ ਮੰਦਭਾਗਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਰਵਉੱਚ ਸਿੱਖ ਸੰਸਥਾਵਾਂ ਨੇ 2 ਦਸੰਬਰ ਨੂੰ ਇੱਕ ਇਤਿਹਾਸਕ ਫੈਸਲਾ ਲਿਆ, ਜਿੱਥੇ ਅਕਾਲੀ ਦਲ ਬਾਦਲ ਧੜੇ ਨੂੰ ਸਜ਼ਾ ਸੁਣਾਈ ਗਈ। ਇਸ ਇਤਿਹਾਸਕ ਫੈਸਲੇ ਦਾ ਸਤਿਕਾਰ ਕਰਨ ਦੀ ਬਜਾਏ, ਜਿਸ ਤਰ੍ਹਾਂ ਅਕਾਲੀ ਦਲ ਬਾਦਲ ਦੇ ਦਬਾਅ ਹੇਠ ਤਿੰਨੋਂ ਜਥੇਦਾਰਾਂ ਨੂੰ ਇੱਕ-ਇੱਕ ਕਰਕੇ ਹਟਾ ਦਿੱਤਾ ਗਿਆ ਹੈ, ਉਹ ਬਹੁਤ ਹੀ ਦੁਖਦਾਈ ਅਤੇ ਮੰਦਭਾਗਾ ਹੈ..."
ਇਸ ਮਸਲੇ ਨੂੰ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ 2 ਦਸੰਬਰ ਵਾਲੇ ਫੈਸਲੇ ਤੋਂ ਬਾਅਦ ਜਿਸ ਤਰ੍ਹਾਂ 3 ਜਥੇਦਾਰਾਂ ਨੂੰ ਬਾਹਰ ਦਾ ਰਾਹ ਦਿਖਾਇਆ ਗਿਆ ਹੈ ਉਹ ਬਹੁਤ ਦੁਖਦਾਈ ਹੈ। ਕੰਗ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਹੁਣ ਸਿੱਧੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲਈ ਹੈ ਤੇ ਜਿਸ ਦਾ ਪੰਥ ਹੁਣ ਮੂੰਹ ਤੋੜ ਜਵਾਬ ਦੇਵੇਗਾ।
ਮਲਵਿੰਦਰ ਕੰਗ ਨੇ ਕਿਹਾ ਕਿ 2 ਦਸੰਬਰ ਨੂੰ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੇ ਗੁਨਾਹ ਸਵਿਕਾਰ ਕੀਤੇ ਸੀ ਜਿਸ ਤੋਂ ਬਾਅਦ ਉਸ ਨੂੰ ਧਾਰਮਿਕ ਸਜ਼ਾ ਦਿੱਤੀ ਹੈ ਜਿਸ ਦਾ ਬਦਲਾ ਹੁਣ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਬਾਦਲ ਪਰਿਵਾਰ ਜਥੇਦਾਰਾਂ ਦੀ ਤੌਹੀਨ ਕਰ ਰਿਹਾ ਹੈ ਤੇ ਦਨੀਆ ਵਿੱਚ ਵਸਦੀ ਸਿੱਖ ਸੰਗਤ ਇਸ ਨੂੰ ਕਦੇ ਵੀ ਸਵਿਕਾਰ ਨਹੀਂ ਕਰੇਗੀ।