ਸੰਗਰੂਰ : ਸੰਗਰੂਰ ਤੋਂ MP ਸਿਮਰਨਜੀਤ ਮਾਨ ਨੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੀ ਤਿਰੰਗਾ ਮੁਹਿੰਮ ਪਸੰਦ ਨਹੀਂ ਆਈ। ਸਿਮਰਨਜੀਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੇ ਅਤੇ ਵਪਾਰਕ ਅਦਾਰਿਆਂ 'ਤੇ ਕੇਸਰੀ ਝੰਡੇ ਲਗਾਉਣ। ਇਸ ਬਿਆਨ ਤੋਂ ਬਾਅਦ ਉਹ ਵਿਰੋਧੀ ਪਾਰਟੀਆਂ ਦੇ ਮੁੜ ਨਿਸ਼ਾਨੇ ’ਤੇ ਆ ਗਏ ਹਨ। ਇਸ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਸਦ ਮੈਂਬਰ 'ਤੇ ਨਿਸ਼ਾਨਾ ਸਾਧਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਿਮਰਨਜੀਤ ਮਾਨ ’ਤੇ ਤੰਜ ਕੱਸਦਿਆਂ ਕਿਹਾ ਕਿ ਸੰਵਿਧਾਨ ਦੀ ਸਹੁੰ ਖਾਣ ਵਾਲਿਆਂ ਨੂੰ ਤਿਰੰਗੇ ਤੋਂ ਦਿੱਕਤ ਕਿਉਂ ਹੈ ? ਭਗਵੰਤ ਮਾਨ ਨੇ ਸਿਮਰਨਜੀਤ ਮਾਨ 'ਤੇ ਕਿਹਾ ਕਿ ਉਹ ਸੰਵਿਧਾਨ ਦੀ ਸੌਂਹ ਖਾਂਦੇ ਹਨ ਅਤੇ ਉਨ੍ਹਾਂ ਨੂੰ ਦੇਸ਼ ਦਾ ਝੰਡਾ ਪਸੰਦ ਨਹੀਂ ਹੈ। ਇਸ ਤਰ੍ਹਾਂ ਦਾ ਦੋਹਰਾ ਮਿਆਰ ਕੰਮ ਨਹੀਂ ਕਰੇਗਾ। ਇਹ ਦੇਸ਼ ਸਾਨੂੰ ਸ਼ਹੀਦਾਂ ਅਤੇ ਪੁਰਖਿਆਂ ਨੇ ਦਿੱਤਾ ਹੈ। ਅਸੀਂ 90% ਕੁਰਬਾਨੀਆਂ ਦਿੱਤੀਆਂ ਹਨ। ਇਹ ਸਾਰੀਆਂ ਦੁਕਾਨਾਂ ਉਨ੍ਹਾਂ ਲਈ ਹਨ ,ਜਿਨ੍ਹਾਂ ਨੂੰ ਝੰਡੇ ਪਸੰਦ ਨਹੀਂ ਹਨ।
ਸਿਮਰਨਜੀਤ ਮਾਨ ਨੇ ਕਿਹਾ- ਤਾਨਾਸ਼ਾਹੀ ਹੁਕਮ ਨਹੀਂ ਮੰਨਾਂਗੇ
ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਕਿਹਾ ਕਿ ਕੇਜਰੀਵਾਲ ਕੱਟੜਪੰਥੀ ਸੋਚ ਤਹਿਤ ਆਪਣੇ ਸਟੂਡੈਂਟਾਂ ਨਾਲ ਤਿਰੰਗੇ ਝੰਡੇ ਦੀ ਗੱਲ ਕਰਦਾ ਹੈ। ਸਿੱਖ ਵਿਦਿਆਰਥੀ ਇਨ੍ਹਾਂ ਤਾਨਾਸ਼ਾਹੀ ਹੁਕਮਾਂ ਨੂੰ ਕਿਵੇਂ ਸਵੀਕਾਰ ਕਰਨਗੇ ? ਮਾਨ ਨੇ ਕਿਹਾ ਕਿ ਕੇਸਰੀ ਝੰਡਾ ਬੁਲੰਦ ਕਰਕੇ ਆਪਣੀ ਸੁਤੰਤਰ ਸ਼ਖਸੀਅਤ ਨੂੰ ਕਾਇਮ ਰੱਖਣਾ ਚਾਹੀਦਾ ਹੈ। ਤਿਰੰਗਾ ਲਹਿਰਾ ਕੇ ਸਾਡੀ ਵੱਖਰੀ ਸੋਚ, ਪਛਾਣ ਅਤੇ ਆਜ਼ਾਦੀ ਦੇ ਮਕਸਦ ਨੂੰ ਕੱਟੜਪੰਥੀ ਸੋਚ ਦੇ ਅਧੀਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਿਮਰਨਜੀਤ ਮਾਨ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿ ਚੁੱਕੇ ਹਨ। ਜਿਸ ਤੋਂ ਬਾਅਦ ਉਨ੍ਹਾਂ ਦੇ ਇਸ ਬਿਆਨ ਦਾ ਪੂਰੇ ਦੇਸ਼ ’ਚ ਵਿਰੋਧ ਹੋ ਰਿਹਾ ਹੈ ਤੇ ਉਨ੍ਹਾਂ ’ਤੇ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਸਿਮਰਨਜੀਤ ਮਾਨ ਨੇ ਭਾਰੀ ਵਿਰੋਧ ਹੋਣ ਤੋਂ ਬਾਅਦ ਹਾਲੇ ਤੱਕ ਮਾਫੀ ਤੱਕ ਨਹੀਂ ਮੰਗੀ ਹੈ। ਹੁਣ ਇੱਕ ਵਾਰ ਫਿਰ ਉਨ੍ਹਾਂ ਤਿਰੰਗਾ ਮੁੁਹਿੰਮ ’ਤੇ ਸਵਾਲ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਹਰ ਘਰ ਤਿਰੰਗਾ' ਮੁਹਿੰਮ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਦੇਸ਼ ਦੇ 24 ਕਰੋੜ ਘਰਾਂ ਵਿੱਚ 13-15 ਅਗਸਤ ਵਿਚਾਲੇ ਤਿਰੰਗਾ ਲਹਿਰਾਇਆ ਜਾਵੇਗਾ। ਇਹ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਮਨਾਏ ਜਾ ਰਹੇ 'ਅੰਮ੍ਰਿਤ ਮਹੋਤਸਵ' ਦੇ ਤਹਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਰਤੀ ਜਨਤਾ ਪਾਰਟੀ ਦੇ ਮੰਤਰੀਆਂ ਅਤੇ ਨੇਤਾਵਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰੋਫਾਈਲ ਪਿਕਚਰ ਵਿੱਚ ਤਿਰੰਗਾ ਲਗਾਇਆ ਹੈ।