ਫਿਰੋਜ਼ਪੁਰ: ਇੱਥੋਂ ਦੇ ਕਸਬਾ ਮੁੱਦਕੀ ਵਿੱਚ ਉਸ ਸਮੇਂ ਮਾਤਮ ਛਾਅ ਗਿਆ ਜਦੋਂ ਮਨੀਲਾ ਤੋਂ ਵਾਪਸ ਪਰਤੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੱਗਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਂ ਕਰਮਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਲੜਕਾ ਇਦਰਜੀਤ ਸਿੰਘ ਦੋ ਦਿਨ ਪਹਿਲਾਂ ਮਨੀਲਾ ਤੋਂ ਉਨ੍ਹਾਂ ਨੂੰ ਮਿਲਣ ਲਈ ਘਰ ਆਇਆ ਸੀ।
ਇਸ ਦੌਰਾਨ ਗਗਨਦੀਪ ਸਿੰਘ ਉਨ੍ਹਾਂ ਦੇ ਘਰ ਆਇਆ ਅਤੇ ਉਸਦੇ ਬੇਟੇ ਨੂੰ ਨਾਲ ਲੈ ਗਿਆ। ਮਨੀਲਾ ਤੋਂ ਪਰਤੇ ਮ੍ਰਿਤਕ ਨੌਜਵਾਨ ਦੀ ਮਾਂ ਨੇ ਇਲਜ਼ਾਮ ਲਾਉਂਦਿਆ ਦੱਸਿਆ ਕਿ ਉਸ ਦੇ ਲੜਕੇ ਨੂੰ ਨਸ਼ੀਲੇ ਜ਼ਹਿਰੀਲੇ ਟੀਕੇ ਦੀ ਓਵਰਡੋਜ਼ ਦੇ ਕੇ ਮੌਤ ਦੇ ਘਾਤ ਉਤਾਰਿਆ ਗਿਆ ਹੈ। ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਮਾਪਿਆਂ ਦੇ ਬਿਆਨਾਂ ਦੇ ਅਧਾਰ 'ਤੇ ਮੁਲਜ਼ਮ ਗਗਨਦੀਪ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਮਾਮੇ ਨੇ ਇਸ ਮੌਤ ਦਾ ਜਿੰਮੇਵਾਰ ਸਰਕਾਰਾਂ ਨੂੰ ਵੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਨਸ਼ੇ ਨਾਲ ਲਗਾਤਾਰ ਹੋ ਰਹੀਆਂ ਮੌਤਾਂ ਲਈ ਸਿੱਧਾ ਸਾਡੀਆਂ ਸਰਕਾਰਾਂ ਜਿੰਮੇਵਾਰ ਹਨ। ਕਿਉਂਕਿ ਸਰਕਾਰਾਂ ਦੀ ਸਰਪ੍ਰਸਤੀ ਤੋਂ ਬਿਨਾਂ ਨਸ਼ਾ ਪਾਕਿਸਤਾਨ ਤੋਂ ਭਾਰਤ ਨਹੀਂ ਆ ਸਕਦਾ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਤਾਂ ਹੀ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ। ਨਹੀਂ ਤਾਂ ਇਸੇ ਤਰ੍ਹਾਂ ਹੀ ਨਸ਼ੇ ਨਾਲ ਮੌਤਾਂ ਹੁੰਦੀਆਂ ਰਹਿਣਗੀਆਂ।