ਨਗਰ ਕੌਂਸਲ ਦੇ ਮੁਲਾਜ਼ਮ ਨੇ ਦੁਕਾਨਦਾਰ ਦੇ ਮਾਰੀ ਚਪੇੜ, ਪੂਰਾ ਸ਼ਹਿਰ ਬੰਦ
ਏਬੀਪੀ ਸਾਂਝਾ | 17 Oct 2018 10:00 AM (IST)
ਮੋਗਾ: ਤਿਉਹਾਰਾਂ ਦੇ ਸੀਜ਼ਨ ਕਰਕੇ ਬਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋ ਸੜਕਾਂ ’ਤੇ ਸਮਾਨ ਰੱਖ ਕੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਉਣ ਲਈ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਕਾਰਵਾਈ ਕੀਤੀ ਗਈ, ਜਿਸਦਾ ਦੁਕਾਨਦਾਰਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਇਸੇ ਦੌਰਾਨ ਨਗਰ ਕੌਂਸਲ ਦੇ ਇੱਕ ਮੁਲਾਜ਼ਮ ਨੇ ਕਿਸੇ ਦੁਕਾਨਦਾਰ ਦੇ ਥੱਪੜ ਮਾਰ ਦਿੱਤਾ। ਇਸ ਦੇ ਰੋਸ ਵਜੋਂ ਅੱਜ ਦੁਕਾਨਦਾਰਾਂ ਨੇ ਪੂਰਾ ਬਾਘਾ ਪੁਰਾਣਾ ਸ਼ਹਿਰ ਬੰਦ ਦਾ ਰੱਖਣ ਦਾ ਐਲਾਨ ਕੀਤਾ ਹੈ। ਦੁਕਾਨਦਾਰਾਂ ਨੇ ਨਗਰ ਕੌਂਸਲ ’ਤੇ ਇਲਜ਼ਾਮ ਲਾਇਆ ਹੈ ਕਿ ਨਗਰ ਕੌਂਸਲ ਨੇ ਬਿਨ੍ਹਾਂ ਨੋਟਿਸ ਦਿੱਤੇ ਬਜ਼ਾਰ ਵਿੱਚੋ ਸੜਕਾਂ ’ਤੇ ਪਏ ਸਮਾਨ ਨੂੰ ਜ਼ਬਰਨ ਚੁੱਕਣਾ ਸ਼ੁਰੂ ਕਰ ਦਿੱਤਾ। ਜਦ ਇੱਕ ਦੁਕਾਨਦਾਰ ਨੇ ਇਸ ਦਾ ਵਿਰੋਧ ਕੀਤਾ ਤਾਂ ਨਗਰ ਕੌਂਸਲ ਦੇ ਮੁਲਾਜ਼ਮ ਨੇ ਉਸ ਦੁਕਾਨਦਾਰ ਦੇ ਚਪੇੜ ਮਾਰ ਦਿੱਤੀ । ਦੁਕਾਨਦਾਰਾਂ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਨਗਰ ਕੌਂਸਲ ਆਪਣੇ ਜਾਣ-ਪਛਾਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੀ ਜਦਕਿ ਬਾਕੀ ਦੁਕਾਨਦਾਰਾਂ ਨੂੰ ਬੇਵਜ੍ਹਾ ਤੰਗ ਕਰਦੀ ਹੈ।