ਅੰਮ੍ਰਿਤਸਰ: ਪੰਜਾਬ ਚ 14 ਫਰਵਰੀ ਨੂੰ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀ ਚੋਣ ਤਹਿਤ ਵੋਟਾਂ ਪੈਣਗੀਆਂ। ਰਈਆ, ਮਜੀਠਾ, ਜੰਡਿਆਲਾ, ਅਜਨਾਲਾ ਤੇ ਰਮਦਾਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਾਰਡ ਨੰਬਰ 37 'ਚ ਕੱਲ ਵੋਟਿੰਗ ਹੋਵੇਗੀ। ਅੱਜ ਵੋਟਿੰਗ ਲਈ ਵੱਖ-ਵੱਖ ਕੇਂਦਰਾਂ ਤੋਂ ਪੋਲਿੰਗ ਪਾਰਟੀਆਂ ਰਵਾਨਾ ਹੋ ਰਹੀਆਂ ਹਨ।ਪੰਜ ਨਗਰ ਕੌਂਸਲਾਂ ਲਈ ਕਰੀਬ 75 ਹਜ਼ਾਰ ਵੋਟਰ ਭਲਕੇ ਆਪਣੇ ਵੋਟਿੰਗ ਦੇ ਅਧਿਕਾਰ ਦੀ ਵਰਤੋਂ ਕਰਨਗੇ। ਕੋਵਿਡ ਸੰਬੰਧੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਹਰ ਪੋਲਿੰਗ ਬੂਥ 'ਤੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨੀ ਲਾਜ਼ਮੀ ਹੈ। ਹਰੇਕ ਵਾਰਡ ਲਈ ਇਕ ਬੂਥ ਬਣਾਇਆ ਗਿਆ ਹੈ
ਪ੍ਰਸ਼ਾਸ਼ਨ ਵੱਲੋਂ ਕੁਝ ਸੰਵੇਦਨਸ਼ੀਲ ਬੂਥ ਵੀ ਚੁਣੇ ਗਏ ਹਨ, ਜਿੱਥੇ ਐਸਪੀ ਪੱਧਰ ਦੇ ਅਧਿਕਾਰੀ ਪੁਲਿਸ ਫੋਰਸ ਨਾਲ ਤਾਇਨਾਤ ਰਹਿਣਗੇ, ਜਦਕਿ ਬਾਕੀ ਬੂਥਾਂ 'ਤੇ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਹਨ ਤੇ ਡੀਐਸਪੀ ਪੱਧਰ ਦੇ ਅਧਿਕਾਰੀ ਬੂਥਾਂ 'ਤੇ ਤੈਨਾਤ ਰਹਿਣਗੇ।
ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਹੋਵੇਗੀ ਅਤੇ ਸਟ੍ਰਾਂਗ ਰੂਮ 'ਚ ਈਵੀਐਮ ਮਸ਼ੀਨਾਂ ਸਖਤ ਸੁਰੱਖਿਆ 'ਚ ਰੱਖੀਆਂ ਜਾਣਗੀਆਂ। ਅੰਮ੍ਰਿਤਸਰ ਦੇ ਮਾਈ ਭਾਗੋ ਪੋਲੀਟੈਕਨਿਕ ਕਾਲਜ ਤੋਂ ਈਵੀਐਮ ਮਸ਼ੀਨਾਂ ਲੈ ਕੇ ਪੋਲਿੰਗ ਪਾਰਟੀਆਂ ਅੱਜ ਰਵਾਨਾ ਹੋਣਗੀਆਂ।