ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਸਾਬਕਾ ਫੌਜੀ ਦੀ ‘ਹੱਤਿਆ’
ਏਬੀਪੀ ਸਾਂਝਾ | 05 Nov 2016 09:55 AM (IST)
ਮੋਗਾ : ਇੱਥੇ ਦੇ ਥਾਣਾ ਸਮਾਲਸਰ ਅਧੀਨ ਪਿੰਡ ਠੱਠੀ ਭਾਈ ਵਿੱਚ ਸ਼ਰਾਬ ਠੇਕੇਦਾਰ ਦੇ ਲੱਠਮਾਰਾਂ ਨੇ ਸਾਬਕਾ ਫ਼ੌਜੀ ਦੀ ਬੇਰਹਿਮੀ ਨਾਲ ਕੁੱਟ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੀਦਾ ਦੇ ਰਹਿਣ ਵਾਲੇ ਸਾਬਕਾ ਫ਼ੌਜੀ ਬੇਅੰਤ ਸਿੰਘ ਪਿੰਡ ਠੱਠੀ ਭਾਈ ਵਿਖੇ ਠੇਕੇ ਤੋਂ ਲੰਘੀ ਰਾਤ ਕਰੀਬ 9.30 ਵਜੇ ਸ਼ਰਾਬ ਲੈਣ ਗਿਆ ਸੀ। ਇਸ ਮੌਕੇ ਸ਼ਰਾਬ ਦਾ ਠੇਕਾ ਤਾਂ ਬੰਦ ਸੀ ਪਰ ਠੇਕੇ ਦੇ ਕੋਲ ਹੀ ਠੇਕੇਦਾਰ ਦੇ ਰੱਖੇ ਕਰਿੰਦੇ ਕਥਿਤ ਤੌਰ ’ਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ਕਰ ਰਹੇ ਸਨ। ਇਸੀ ਦੌਰਾਨ ਸਾਬਕਾ ਫੌਜੀ ਦੀ ਕਰਿੰਦਿਆਂ ਨਾਲ ਕਿਸੇ ਗੱਲ ਤੋਂ ਬਹਿਸ ਹੋ ਗਈ। ਇਸ ਤੋਂ ਬਾਅਦ ਕਰਿੰਦਿਆਂ ਨੇ ਉਸ ਉਤੇ ਬੇਸਬਾਲ ਬੈਟ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਬੇਅੰਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਦੌਰਾਨ ਕੁੱਝ ਨੌਜਵਾਨ ਸਾਬਕਾ ਫ਼ੌਜੀ ਨੂੰ ਚੁੱਕ ਕੇ ਉਸ ਦੇ ਘਰ ਪਿੰਡ ਚੀਦਾ ਛੱਡ ਆਏ ਪਰ ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਉਥੇ ਉਹ ਜਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਦੱਸਣਯੋਗ ਹੈ ਕਿ ਆਬਕਾਰੀ ਤੇ ਕਰ ਵਿਭਾਗ ਨੇ ਸ਼ਰਾਬ ਠੇਕੇਦਾਰਾਂ ਵੱਲੋਂ 16 ਕਰੋੜ ਰੁਪਏ ਦੀ ਲਾਇਸੈਂਸ ਫ਼ੀਸ ਅਦਾ ਨਾ ਕਰਨ ਕਰਕੇ ਜ਼ਿਲ੍ਹੇ ’ਚ ਸ਼ਰਾਬ ਦੇ ਠੇਕੇ ਸੀਲ ਕਰ ਦਿੱਤੇ ਹਨ ਪਰ ਠੇਕੇਦਾਰਾਂ ਦੇ ਬੰਦੇ ਕਥਿਤ ਤੌਰ ’ਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ਕਰ ਰਹੇ ਹਨ। ਇਸੇ ਦੌਰਾਨ ਥਾਣਾ ਸਮਾਲਸਰ ਦੇ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਦੀ ਸ਼ਿਕਾਇਤ ਉੱਤੇ ਸ਼ਰਾਬ ਠੇਕੇਦਾਰ ਹਰਜਿੰਦਰ ਸਿੰਘ, ਸੋਨੀ ਗਿੱਲ, ਜਗਦੀਸ਼ ਸਿੰਘ ਉਰਫ਼ ਗਿਆਨੀ ਵਾਸੀ ਸਰਦਾਰ ਨਗਰ, ਮੋਗਾ, ਜੀਤ ਸਿੰਘ ਵਾਸੀ ਸਮਾਲਸਰ ਅਤੇ ਸੇਲਜ਼ਮੈਨ ਸੰਤ ਰਾਮ ਖ਼ਿਲਾਫ਼ ਧਾਰਾ 302/120 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ