ਜਲੰਧਰ: ਲੱਧੇਵਾਲੀ ਇਲਾਕੇ 'ਚ ਸ਼ੁੱਕਰਵਾਰ ਦੇਰ ਰਾਤ ਹੋਏ ਵਿਧਵਾ ਦੇ ਕਤਲ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਮੁਤਾਬਕ ਦੁਬਈ ਤੋਂ ਵਾਪਸ ਆਇਆ ਸਰਬਜੀਤ ਸਿੰਘ ਸ਼ਰਨਜੀਤ ਕੌਰ ਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਕੈਨੇਡਾ ਰਹਿੰਦੀ ਕੁੜੀ ਤੇ ਪਰਿਵਾਰ ਨੇ ਜਦੋਂ ਮਨ੍ਹਾਂ ਕੀਤਾ ਤਾਂ ਉਹ ਦੁਬਈ ਤੋਂ ਆ ਕੇ ਲੜਕੀ ਦੇ ਭਰਾ ਦਾ ਕਤਲ ਕਰਨਾ ਚਾਹੁੰਦਾ ਸੀ ਪਰ ਉਸ ਨੇ ਗਲਤੀ ਨਾਲ ਮਾਂ ਸ਼ਰਨਜੀਤ ਕੌਰ ਦੇ ਚਾਕੂ ਮਾਰ ਦਿੱਤੇ ਸਨ। 42 ਸਾਲ ਦੀ ਸ਼ਰਨਜੀਤ ਕੌਰ ਆਪਣੇ ਪਤੀ ਦੀ ਮੌਤ ਤੋਂ ਬਾਅਦ ਘਰ 'ਚ ਆਪਣੇ ਬੇਟੇ ਨਾਲ ਰਹਿੰਦੀ ਸੀ। ਉਸ ਦੇ ਪਤੀ ਦੀ ਇੱਕ ਸਾਲ ਪਹਿਲਾਂ ਹਾਦਸੇ 'ਚ ਮੌਤ ਹੋ ਗਈ ਸੀ। ਬੇਟੀ ਛੇ ਮਹੀਨੇ ਪਹਿਲਾਂ ਪੜ੍ਹਨ ਲਈ ਕੈਨੇਡਾ ਗਈ ਹੈ। ਇਲਾਕੇ 'ਚ ਲੱਗੇ ਸੀਸੀਟੀਵੀ 'ਚ ਉਸ ਦਾ ਕਾਤਲ ਕੈਦ ਹੋ ਗਿਆ ਸੀ। ਜਾਂਚ 'ਚ ਪਤਾ ਲੱਗਾ ਕਿ ਮੁਲਜ਼ਮ ਸਰਬਜੀਤ ਸਿੰਘ ਸ਼ਰਨਜੀਤ ਦੀ ਕੁੜੀ ਦਾ ਫੇਸਬੁਕ ਫਰੈਂਡ ਸੀ। ਉਹ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਮਨ੍ਹਾਂ ਕਰਨ 'ਤੇ ਉਸ ਨਾਲ ਉਸ ਦੇ ਭਰਾ ਦੀ ਬਹਿਸ ਹੋ ਗਈ। ਉਹ ਉਸ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਪਰ ਉਸ ਨੇ ਗਲਤੀ ਨਾਲ ਸ਼ਰਨਜੀਤ ਨੂੰ ਮਾਰ ਦਿੱਤਾ। ਮੁਲਜ਼ਮ ਸਰਬਜੀਤ ਦੁਬਈ 'ਚ ਰਹਿ ਰਿਹਾ ਸੀ। 24 ਨਵੰਬਰ ਨੂੰ ਜਲੰਧਰ ਆਇਆ। ਸ਼ਾਮ ਨੂੰ ਦੋਸਤ ਦਾ ਮੋਟਰਸਾਈਕਲ ਲੈ ਕੇ ਲੱਧੇਵਾਲੀ ਗਿਆ ਤੇ ਔਰਤ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਬੱਸ ਫੜ੍ਹ ਕੇ ਚੰਡੀਗੜ੍ਹ ਚਲਾ ਗਿਆ, ਫਿਰ ਦਿੱਲੀ ਤੇ ਫਿਰ ਅੰਮ੍ਰਿਤਸਰ। ਵਾਪਸ ਜਲੰਧਰ ਆਉਣ 'ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।