ਜਲੰਧਰ: ਬੁੱਧਵਾਰ ਨੂੰ ਹੋਏ 10ਵੀਂ ਜਮਾਤ ਦੇ ਵਿਦਿਆਰਥੀ ਦੇ ਕਤਲ ਕੇਸ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਗ੍ਰਿਫਤ ਵਿੱਚ ਆਏ ਮੁਲਜ਼ਮ ਮੁਤਾਬਕ ਉਹ ਦੁਕਾਨਦਾਰ ਤੋਂ ਪੈਸੇ ਉਧਾਰ ਲੈਣ ਆਇਆ ਸੀ। ਦੁਕਾਨਦਾਰ ਦੀ ਥਾਂ ਉਸ ਦਾ ਮੁੰਡਾ ਦੁਕਾਨ 'ਤੇ ਬੈਠਾ ਸੀ। ਪੈਸੇ ਲਈ ਹੋਏ ਤਕਰਾਰ ਦੌਰਾਨ ਉਸ ਨੇ ਗੁੱਸੇ ਵਿੱਚ ਮੁੰਡੇ ਨੂੰ ਚਾਕੂ ਮਾਰੇ ਜਿਸ ਨਾਲ ਉਹ ਮਰ ਗਿਆ।   ਮੁਲਜ਼ਮ ਦੀ ਪਛਾਣ 26 ਸਾਲਾ ਪੰਕਜ ਉਰਫ ਪਿੰਕੂ ਵਜੋਂ ਹੋਈ ਹੈ। ਉਹ ਦਾ ਮੋਬਾਈਲ ਦੁਕਾਨਦਾਰ ਵਿਕਾਸ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਕੱਲ੍ਹ ਵੀ ਉਹ ਉਸ ਤੋਂ ਪੰਜ ਹਜ਼ਾਰ ਰੁਪਏ ਉਧਾਰ ਲੈਣ ਆਇਆ ਸੀ। ਆਉਣ ਤੋਂ ਪਹਿਲਾਂ ਉਸ ਨੇ ਵਿਕਾਸ ਨਾਲ ਫੋਨ 'ਤੇ ਵੀ ਗੱਲ ਕੀਤੀ। ਜਦੋਂ ਇਹ ਪੈਸੇ ਲੈਣ ਦੁਕਾਨ 'ਤੇ ਗਿਆ ਤਾਂ ਉੱਥੇ ਵਿਕਾਸ ਦਾ ਬੇਟਾ ਸਿਧਾਰਥ ਬੈਠਾ ਸੀ। ਦੋਹਾਂ ਦੀ ਆਪਸ ਵਿੱਚ ਥੋੜ੍ਹੀ ਗਰਮਾ-ਗਰਮੀ ਹੋ ਗਈ। ਉਸ ਨੇ ਦੁਕਾਨ ਵਿੱਚ ਪਿਆ ਚਾਕੂ ਫੜ ਕੇ ਸਿਧਾਰਥ ਦੇ ਗਲੇ 'ਤੇ ਮਾਰ ਦਿੱਤਾ। ਚਾਕੂ ਮਾਰਨ ਤੋਂ ਬਾਅਦ ਸਿਧਾਰਥ ਨੂੰ ਉਸ ਦੇ ਰਿਸ਼ਤੇਦਾਰ ਹਸਪਤਾਲ ਲੈ ਗਏ। ਕੱਲ੍ਹ ਸ਼ਾਮ ਹੀ ਸਿਧਾਰਥ ਨੇ ਦਮ ਤੋੜ ਦਿੱਤਾ। ਪੰਕਜ ਮੌਕੇ ਤੋਂ ਫਰਾਰ ਸੀ ਪਰ ਪੁਲਿਸ ਨੂੰ ਉਸ ਦੀ ਸੀਸੀਟੀਵੀ ਫੁਟੇਜ਼ ਮਿਲ ਗਈ। ਰਾਤ ਨੂੰ ਹੀ ਗ੍ਰਿਫਤਾਰ ਹੋਏ ਪੰਕਜ ਨੂੰ ਪੁਲਿਸ ਨੇ ਅੱਜ ਕੋਰਟ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲੈ ਲਿਆ ਹੈ।