ਖੰਨਾ: ਸਮਰਾਲਾ ਥਾਣਾ ਖੇਤਰ ਦੇ ਪਿੰਡ ਬਗਲੀ ‘ਚ ਰਾਹ ‘ਚ ਪਸ਼ੂ ਬੰਨ੍ਹਣ ਕਰਕੇ ਦੋ ਧਿਰਾਂ ‘ਚ ਲੜਾਈ ਹੋ ਗਈ। ਇਸ ਖੂਨੀ ਲੜਾਈ ‘ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦਾ ਇਲਜ਼ਾਮ ਸੜਕ ਕੰਢੇ ਆਵਾਰਾ ਪਸ਼ੂਆਂ ਨੂੰ ਬੰਨ੍ਹ ਕੇ ਪਾਲਨ ਪੋਸ਼ਣ ਕਰਨ ਵਾਲੇ ਅਮਨਦੀਪ ਸਿੰਘ ‘ਤੇ ਆਇਆ ਹੈ। ਪਿੰਡ ਦੀ ਸਰਪੰਚ ਕਿਰਨਜੀਤ ਕੌਰ ਦਾ ਕਹਿਣਾ ਹੈ ਕਿ ਮੁਲਜ਼ਮ ਅਮਨਦੀਪ ਪਸ਼ੂਆਂ ਨੂੰ ਸੜਕ ਕੰਢੇ ਬੰਨ੍ਹ ਲੈਂਦਾ ਸੀ ਪਰ ਸਮੇਂ ‘ਤੇ ਉਨ੍ਹਾਂ ਨੂੰ ਚਾਰਾ ਨਹੀਂ ਪਾਉਂਦਾ ਸੀ ਜਿਸ ਕਰਕੇ ਕਈ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਇਸ ਕਰਕੇ ਜਾਨਵਰਾਂ ਨੂੰ ਖੋਲ੍ਹ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਅਮਨ ਨੇ ਫੇਰ ਆਵਾਰਾ ਪਸ਼ੂ ਸੜਕ ‘ਤੇ ਬੰਨ੍ਹ ਕੇ ਰਸਤਾ ਬੰਦ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਇਸੇ ਗੱਲ ‘ਤੇ ਅਮਨ ਅਤੇ ਮ੍ਰਿਤਕ ਤਨਵੀਰ ਸਿੰਘ ਦੀ ਬਹਿਸ ਹੋ ਗਈ, ਜੋ ਹੱਥੋਪਾਈ ‘ਚ ਬਦਲ ਗਈ। ਇਸ ਦੌਰਾਨ ਅਮਨਦੀਪ ਨੇ ਤਨਵੀਰ ‘ਤੇ ਹਮਲਾ ਕਰ ਦਿੱਤਾ ਜਿਸ ‘ਚ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਜਾਂਚ ਸ਼ੁਰੂ ਕੀਤੀ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਅਮਨਦੀਪ ਸਿੰਘ ਝਗੜਾਲੂ ਕਿਸਮ ਦਾ ਵਿਅਕਤੀ ਹੈ। ਮ੍ਰਿਤਕ ਤਨਵੀਰ ਸਿੰਘ ਨਾਲ ਉਸ ਦਾ ਝਗੜਾ ਉਸ ਸਮੇਂ ਹੋਇਆ ਜਦੋਂ ਤਨਵੀਰ ਨੌਕਰੀ ਤੋਂ ਵਾਪਸ ਪਰਤ ਰਿਹਾ ਸੀ। ਇਸ ਬਾਰੇ ਸਮਰਾਲਾ ਐਸਐਚਓ ਸੁਖਬੀਰ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਅਮਨਦੀਪ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਹੈ। ਉਸ ਖਿਲਾਫ 2017 ‘ਚ ਵੀ ਮਾਮਲਾ ਦਰਜ ਹੋਇਆ ਸੀ।