ਚੰਡੀਗੜ੍ਹ: ਆਪਣੇ ਵਿਵਾਦਿਤ ਬਿਆਨਾਂ ਲਈ ਜਾਣੇ ਜਾਂਦੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਡਾ. ਸੁਬਰਾਮਨੀਅਮ ਸਵਾਮੀ ਨੇ ਹੁਣ ਇੱਕ ਹੋਰ ਕਸੂਤਾ ਬਿਆਨ ਦੇ ਦਿੱਤਾ ਹੈ। ਸਵਾਮੀ ਨੇ ਕਿਹਾ ਹੈ ਕਿ ਪਾਕਿਸਤਾਨ ਤੇ ਭਾਰਤ ਦਰਮਿਆਨ ਬਣ ਰਿਹਾ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੁੱਲ੍ਹਣਾ ਚਾਹੀਦਾ।

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਸਬੰਧੀ ਚੰਡੀਗੜ੍ਹ ਵਿੱਚ ਇੱਕ ਸੈਮੀਨਾਰ ਦੌਰਾਨ ਸਵਾਮੀ ਨੇ ਇਹ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਭਾਰਤ ਨੂੰ ਕਿਸੇ ਵੀ ਤਰ੍ਹਾਂ ਦਾ ਪਾਕਿਸਤਾਨ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੀਦਾ ਕਿਉਂਕਿ ਪਾਕਿਸਤਾਨ ਅੱਤਵਾਦ ਫੈਲਾਉਂਦਾ ਹੈ।

ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਜਦੋਂ ਪਾਕਿਸਤਾਨ ਤੇ ਭਾਰਤ ਵਿਚਕਾਰ ਰਿਸ਼ਤਾ ਸੁਧਰ ਜਾਏਗਾ ਉਸ ਸਮੇਂ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ, ਬਾਲਾਕੋਟ ਏਅਰ ਸਟ੍ਰਾਈਕ ਅਤੇ ਹੁਣ ਤਾਜ਼ਾ ਕਸ਼ਮੀਰ ਦੇ ਪੁਨਰਗਠਨ ਤੇ ਧਾਰਾ 370 ਨੂੰ ਬੇਅਸਰ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਮੁੜ ਤੋਂ ਤਲਖ਼ ਹੋ ਗਏ ਹਨ।