ਇਟਾਵਾ: ਸੈਫਈ ਯੂਨੀਵਰਸੀਟੀ ‘ਚ ਐਮਬੀਬੀਐਸ ਫਸਟ ਈਅਰ ਦੇ ਵਿਦਿਆਰਥੀਆਂ ਨਾਲ ਰੈਗਿੰਗ ਦੇ ਮਾਮਲੇ ‘ਚ ਹੁਣ ਯੂਨੀਵਰਸਿਟੀ ਪ੍ਰਸਾਸ਼ਨ ਨੇ 7 ਸੀਨੀਅਰ ਵਿਦਿਆਰਥੀਆਂ ਖਿਲਾਫ ਕੇਸ ਦਰਜ ਕਰਵਾਇਆ ਹੈ। ਇਸ ਦੇ ਨਾਲ ਹੀ ਐਂਟੀ ਰੈਗਿੰਗ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਹੈ ਤੇ ਹੋਸਟਲ ‘ਚ ਤਾਇਨਾਤ ਵਾਰਡਨ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸੁਰੱਖਿਆ ਕਰਮੀਆਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ।



ਸੈਫਈ ਯੂਨੀਵਰਸਿਟੀ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਸੀ ਜਿਸ ‘ਚ ਸਾਫ਼ ਨਜ਼ਰ ਆ ਰਿਹਾ ਸੀ ਕਿ ਕਰੀਬ 150 ਵਿਦਿਆਰਥੀਆਂ ਦਾ ਸਿਰ ਗੰਜਾ ਕਰ ਉਨ੍ਹਾਂ ਨੂੰ ਲਾਈਨ ‘ਚ ਚੱਲਣ ਲਈ ਮਜਬੂਰ ਕੀਤਾ ਗਿਆ। ਆਪਣੇ ਸੀਨੀਅਰਾਂ ਨੂੰ ਵੇਖ ਸਲਾਮ ਕਰਨ ਦਾ ਹੁਕਮ ਦਿੱਤਾ ਗਿਆ ਸੀ।



ਪਹਿਲਾਂ ਯੂਨੀਵਾਰਸਿਟੀ ਦੇ ਵਾਈਸ ਚਾਂਸਲਰ ਰਾਜਕੁਮਾਰ ਨੇ ਉਸ ਸਮੇਂ ਮੀਡੀਆ ਨਾਲ ਗੱਲ ਕਰਦੇ ਹੋਏ ਅਜਿਹੇ ਕਿਸੇ ਵੀ ਮਾਮਲੇ ਤੋਂ ਸਾਫ਼ ਇਨਕਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਇੱਥੇ ਰੈਗਿੰਗ ਮੁਮਕਿਨ ਹੀ ਨਹੀਂ। ਇਸ ਤੋਂ ਬਾਅਦ ਜਦੋਂ ਵੀਡੀਓ ਵਾਇਰਲ ਹੋਈ ਤਾਂ ਯੂਨੀਵਰਸਿਟੀ ਪ੍ਰਸਾਸ਼ਨ ਦੀ ਅੱਖ ਖੁੱਲ੍ਹੀ ਤੇ ਉਨ੍ਹਾਂ ਨੇ ਕਾਰਵਾਈ ਕਰਨਾ ਸ਼ੁਰੂ ਕੀਤਾ।



ਹੁਣ ਕਾਲਜ ਪ੍ਰਸਾਸ਼ਨ ਨੇ ਸੱਤ ਸੀਨੀਅਰ ਵਿਦਿਆਰਥੀਆਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਉੱਥੇ ਸਾਰੇ ਸੀਨੀਅਰਾਂ ਤੋਂ 5-5 ਹਜ਼ਾਰ ਦਾ ਜ਼ੁਰਮਾਨਾ ਵਸੂਲ ਕਰਨ ਦੀ ਤਿਆਰੀ ਹੈ।