ਸੰਗਰੂਰ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਪ੍ਰਧਾਨ ਤੇ ਲੋਕ ਸਭਾ ਵਿੱਚ ਇਕਲੌਤੇ ਸਾਂਸਦ ਭਗਵੰਤ ਮਨਾ ਖ਼ਿਲਾਫ਼ ਆਪਣੇ ਹੀ ਹਲਕੇ ਤੋਂ ਬਗ਼ਾਵਤੀ ਸੁਰ ਉੱਠ ਰਹੇ ਹਨ। ਸੰਗਰੂਰ ਤੋਂ ਪ੍ਰਧਾਨ ਦਿਨੇਸ਼ ਬਾਂਸਲ ਨੇ ਆਪਣੇ ਟਵਿੱਟਰ ਅਕਾਉਂਟ ਤੋਂ ‘ਆਪ’ ਸੁਰਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਟਵੀਟ ਕਰਕੇ ਭਗਵੰਤ ਮਾਨ ਨੂੰ ਪੰਜਾਬ ਦੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਇਸ ਵਿੱਚ ਬਾਂਸਲ ਨੇ ਦਲੀਲ ਦਿੱਤੀ ਕਿ ਭਗਵੰਤ ਮਾਨ ਨੂੰ ਹਟਾਉਣ ਨਾਲ ਪੰਜਾਬ ਵਿੱਚ ਪਾਰਟੀ ਨੂੰ ਹੋ ਰਹੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।
ਦਿਨੇਸ਼ ਬਾਂਸਲ ਨੇ ਕਿਹਾ ਹੈ ਕਿ ਪਿਛਲੇ ਡੇਢ ਸਾਲ ਤੋਂ ਭਗਵੰਤ ਮਾਨ ਦਾ ਪਾਰਟੀ ਦੇ ਕਿਸੇ ਵਰਕਰ ਨਾਲ ਕੋਈ ਸੰਪਰਕ ਨਹੀਂ। ਪਾਰਟੀ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਵਰਕਰਾਂ ਨੂੰ ਸ਼ਾਮਲ ਨਹੀਂ ਕਰਵਾਇਆ ਜਾਂਦਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੰਗਰੂਰ ਹਲਕੇ ਵਿੱਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਵੀ ਨਹੀਂ ਦੱਸਿਆ ਜਾਂਦਾ। ਇਥੋਂ ਤਕ ਕਿ ਸੰਸਦ ਮੈਂਬਰ ਭਗਵੰਤ ਮਾਨ ਪਾਰਟੀ ਦੇ ਨਵੇਂ ਵਰਕਰਾਂ ਤੇ ਨੇਤਾਵਾਂ ਦਾ ਫੋਨ ਵੀ ਨਹੀਂ ਚੁੱਕਦੇ।
ਬਾਂਸਲ ਨੇ ਮਾਨ 'ਤੇ ਗੰਭੀਰ ਇਲਜ਼ਾਮ ਲਾਇਆ ਕਿ ਭਗਵੰਤ ਮਾਨ ਦੇ ਦੁਰਾਚਾਰ ਕਾਰਨ ਪੰਜਾਬ ਵਿੱਚ ਪਾਰਟੀ ਖ਼ਤਮ ਹੋਣ ਦੀ ਕਗਾਰ 'ਤੇ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਵਿਚਾਰ ਕੀਤੀ ਜਾਏਗੀ ਕਿ ਪਾਰਟੀ ਨੂੰ ਮਜ਼ਬੂਤ ਕਰਨ ਵਾਲੇ ਵਰਕਰਾਂ ਨੇ ਕੀ ਕਰਨਾ ਹੈ।
ਉੱਧਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਰਾਜਵੰਤ ਸਿੰਘ ਘੁੱਲੀ ਨੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਪ੍ਰਧਾਨ ਦੇ ਇਸ ਟਵੀਟ ਤੋਂ ਬਾਅਦ ਸਖ਼ਤ ਕਦਮ ਚੁੱਕਦਿਆਂ ਤੁਰੰਤ ਪ੍ਰਭਾਵ ਨਾਲ ਦਿਨੇਸ਼ ਬਾਂਸਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਘੁੱਲੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਦਿਨੇਸ਼ ਬਾਂਸਲ ਨੂੰ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਲਈ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ।