ਚੰਡੀਗੜ੍ਹ: ਹਰਿਆਣਾ ‘ਚ ਸਰਕਾਰ ਅਤੇ ਕਾਨੂੰਨ ਦੇ ਔਰਤਾਂ ਦੀ ਸੁਰੱਖਿਆ ਦੇ ਤਮਾਮ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਸੂਬੇ ‘ਚ ਆਏ ਦਿਨ ਔਰਤਾਂ ਨਾਲ ਛੇੜਛਾੜ ਅਤੇ ਬਲਾਤਕਾਰ ਦੀ ਘਟਨਾਵਾਂ ਹੋ ਰਹੀਆਂ ਹਨ। ਕਰਨਾਲ ‘ਚ ਰੇਲਵੇ ਸਟੇਸ਼ਨ ‘ਤੇ ਟਰੇਨ ਦਾ ਇੰਤਜ਼ਾਰ ਕਰ ਰਹੀ ਇੱਕ ਅੱਧਖੜ ਉਮਰ ਦੀ ਔਰਤ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬਦਮਾਸ਼ਾਂ ਨੇ ਔਰਤ ਨੂੰ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਵੀ ਕੀਤੀ। ਇਹ ਘਟਨਾ ਬੀਤੇ 14 ਅਗਸਤ ਦੀ ਹੈ, ਜਿਸ ਸਬੰਧੀ ਸਿਵਲ ਲਾਈਨ ਥਾਣਾ ਪੁਲਿਸ ਨੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਆਪਣੇ ਬਿਆਨਾਂ ‘ਚ ਮਹਿਲਾ ਨੇ ਦੱਸਿਆ ਕਿ ਖ਼ਬਰਾਂ ਮੁਤਾਬਕ ਪੀੜਤ ਮਹਿਲਾ ਰੇਲਵੇ ਸਟੇਸ਼ਨ ‘ਤੇ ਬੈਠੀ ਸੀ ਕਿ ਇੰਨੇ ‘ਚ ਇੱਕ ਆਦਮੀ ਆਇਆ। ਉਸ ਨੇ ਉਸ ਨੂੰ ਰੋਟੀ ਖਾਣ ਲਈ ਦਿੱਤੀ ਅਤੇ ਫਿਰ ਗੱਲਾਂ ‘ਚ ਲਾ ਕੇ ਸਨਅਤੀ ਖੇਤਰ ਦੇ ਇੱਕ ਸ਼ੈੱਡ ‘ਚ ਲੈ ਗਿਆ। ਇੱਥੇ ਉਸ ਦੇ ਸੱਤ ਦੋਸਤ ਹੋਰ ਮੌਜੂਦ ਸੀ, ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਸਾਰੇ ਉਸ ਨੂੰ ਅੱਧਮਰੀ ਹਾਲਤ ‘ਚ ਸ਼ੈੱਡ ‘ਚ ਹੀ ਛੱਡ ਕੇ ਚਲੇ ਗਏ। ਕੁਝ ਸਮੇਂ ਬਾਅਦ ਉਸ ਨੇ ਖੁਦ ਨੂੰ ਸੰਭਾਲ ਕਿਸੇ ਤਰ੍ਹਾਂ 100 ਨੰਬਰ ‘ਤੇ ਪੁਲਿਸ ਨੂੰ ਫੋਨ ਕਰ ਸਾਰੀ ਘਟਨਾ ਦੱਸੀ। ਮਹਿਲਾ ਨੂੰ ਰੋਹਤਕ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਹੁੰਦੀ ਵੇਖ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ।


ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਪੀੜਤਾ ਨੇ ਦੱਸਿਆ ਕਿ ਉਹ ਉੱਤਰਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਰੇਲਵੇ ਸਟੇਸ਼ਨ ‘ਤੇ ਰੇਲ ਦਾ ਇੰਤਜ਼ਾਰ ਕਰ ਰਹੀ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਲਈ ਪੁਲਿਸ ਰੇਲਵੇ ਸਟੇਸ਼ਨ ਦੇ ਨੇੜੇ ਦੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਦੀ ਪੜਤਾਲ ਕਰ ਰਹੀ ਹੈ। ਇਧਰ ਪੁਲਿਸ ਜਾਂਚ ‘ਚ ਲੱਗੀ ਹੈ ਅਤੇ ਉੱਧਰ ਪੀੜਤਾ ਪੀਜੀਆਈ ਚੰਡੀਗੜ੍ਹ ਵਿੱਚ ਆਪਣੀ ਜ਼ਿੰਦਗੀ ਦੀ ਜੰਗ ਲੜ ਰਹੀ ਹੈ।