ਕੋਟਕਪੂਰਾ: ਹਫਤਾ ਪਹਿਲਾਂ ਹੋਏ ਡਬਲ ਮਰਡਰ ਮਾਮਲੇ ਨੂੰ ਸੁਲਝਾਉਣ ਦਾ ਪੁਲਿਸ ਦਾਅਵਾ ਕਰ ਰਹੀ ਹੈ। ਪੁਲਿਸ ਮੁਤਾਬਕ ਇਸ ਦੋਹਰੇ ਕਤਲ ਕਾਂਡ ਦਾ ਮੁਲਜ਼ਮ ਮ੍ਰਿਤਕ ਜਸਵਿੰਦਰ ਕੌਰ ਦਾ ਪਤੀ ਪਿਆਰਾ ਸਿੰਘ ਹੈ। ਆਪਣੀ ਪਤਨੀ ਤੇ ਮੁਨਸ਼ੀ ਮੰਗਲ ਦਾ ਕਤਲ ਪਿਆਰਾ ਸਿੰਘ ਨੇ ਆਪ ਹੀ ਕੀਤਾ ਸੀ।     ਪੁਲਿਸ ਮੁਤਾਬਕ, ਪਿਆਰਾ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਤੇ ਮੁਨਸ਼ੀ ਵਿਚਾਲੇ ਨਾਜਾਇਜ਼ ਸਬੰਧ ਸਨ। ਇਸ ਵਜ੍ਹਾ ਨਾਲ ਉਸ ਨੇ ਦੋਹਾਂ ਦਾ ਤੇਜ਼ਧਾਰ ਕੁਹਾੜੀ ਨਾਲ ਕਤਲ ਕਰ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲੇ ਦੇ ਐਸ.ਐਸ.ਪੀ. ਨੇ ਦੱਸਿਆ ਕਿ ਇਹ ਮਾਮਲਾ ਕਰੀਬ ਹਫਤੇ ਪਹਿਲਾਂ 27 ਅਗਸਤ ਦਾ ਹੈ। ਕੋਟਕਪੂਰਾ ਦੀ ਅਨਾਜ ਮੰਡੀ ਵਿੱਚ ਆੜ੍ਹਤ ਦਾ ਕੰਮ ਕਰਨ ਵਾਲੇ ਪਿਆਰਾ ਸਿੰਘ ਦੀ ਪਤਨੀ ਤੇ ਉਸ ਦੇ ਮੁਨਸ਼ੀ ਦਾ ਕਤਲ ਹੋ ਗਿਆ ਸੀ।       ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਕਤਲ ਪਿਆਰਾ ਸਿੰਘ ਨੇ ਕਿਹਾ। ਪੁਲਿਸ ਮੁਤਾਬਕ, ਪਿਛਲੇ ਦੋ ਮਹੀਨਿਆਂ ਤੋਂ ਪਿਆਰਾ ਸਿੰਘ ਨੇ ਦੋਹਾਂ ਦੇ ਨਾਜਾਇਜ਼ ਰਿਸ਼ਤਿਆਂ ਦਾ ਸ਼ੱਕ ਸੀ। 27 ਅਗਸਤ ਨੂੰ ਪਿਆਰਾ ਸਿੰਘ ਨੇ ਦੋਹਾਂ ਨੂੰ ਇੱਕ ਕਮਰੇ ਵਿੱਚ ਇਕੱਠੇ ਵੇਖਿਆ। ਉਸ ਨੇ ਗੁੱਸੇ ਵਿੱਚ ਆ ਕੇ ਆਪਣੀ ਪਤਨੀ 'ਤੇ ਕੁਹਾੜੀ ਨਾਲ 11 ਵਾਰ ਕੀਤੇ ਤੇ ਫਿਰ ਮੁਨਸ਼ੀ ਨੂੰ ਵੀ ਮਾਰ ਦਿੱਤਾ। ਪੁਲਿਸ ਦੀ ਪੁੱਛਗਿੱਛ ਵਿੱਚ ਪਿਆਰਾ ਸਿੰਘ ਨੇ ਇਹ ਗੱਲ ਕਬੂਲੀ ਹੈ।