ਪਟਿਆਲਾ: ਸ਼ਹਿਰ ਵਿੱਚ ਦੋ ਖਿਡਾਰੀਆਂ ਦੇ ਕਤਲ ਮਾਮਲਾ ਸੁਲਝ ਗਿਆ ਹੈ। ਪੁਲਿਸ ਮੁਤਾਬਕ ਇਨ੍ਹਾਂ ਦਾ ਕਤਲ ਅਮਨਦੀਪ ਸਿੰਘ ਤੇ ਮਨਰਾਜ ਸਿੰਘ ਸਰਾਓ ਨੇ ਕੀਤਾ ਸੀ ਜੋ ਪਿਓ-ਪੁੱਤ ਹਨ। ਉਹ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਥਾਣੇ ਦੇ ਪਿੰਡ ਦੁਗਾਲ ਨਾਲ ਸਬੰਧਤ ਹਨ। ਮਨਰਾਜ ਸਰਾਓ ਵਧੀਆ ਟਰੈਪ ਸ਼ੂਟਰ ਹੈ। ਉਹ ਪੜ੍ਹਦਾ ਹੈ ਤੇ ਟਰੈਪ ਸ਼ੂਟਿੰਗ (12 ਬੋਰ) ਵੀ ਕਰਦਾ ਹੈ। ਉਹ ਪਟਿਆਲਾ ਵਿੱਚ ਟ੍ਰੇਨਿੰਗ ਲੈ ਰਿਹਾ ਸੀ।


ਦਰਅਸਲ 19 ਤੇ 20 ਫਰਵਰੀ ਦੀ ਰਾਤ ਨੂੰ ਪਟਿਆਲਾ ਦੇ 24 ਨੰਬਰ ਰੇਲਵੇ ਫਾਟਕ ਨੇੜੇ ਕੌਮੀ ਹਾਕੀ ਖਿਡਾਰੀ ਅਮਰੀਕ ਸਿੰਘ ਤੇ ਉਸ ਦੇ ਸਾਥੀ ਸਿਮਰਨਜੀਤ ਹੈਪੀ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਦੋਵੇਂ ਪਾਵਰਕੌਮ ਦੇ ਮੁਲਾਜ਼ਮ ਸਨ। ਇਹ ਕਤਲ ਢਾਬੇ 'ਤੇ ਲੜਾਈ ਮਗਰੋਂ ਹੋਏ ਸੀ।

ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਪੁਲੀਸ ਮੁਤਾਬਕ ਅਮਨਦੀਪ ਸਿੰਘ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ ਤੇ ਪਤੀ ਪਤਨੀ ਅਲੱਗ ਰਹਿੰਦੇ ਹਨ। ਹੁਣ ਉਹ ਮੁਹਾਲੀ ਰਹਿੰਦਾ ਹੈ ਤੇ ਖੇਤੀਬਾੜੀ ਕਰਦਾ ਹੈ। ਹੁਣ ਉਹ ਆਪਣੇ ਲੜਕੇ ਮਨਰਾਜ ਸਰਾਓ ਕੋਲ ਆਇਆ ਸੀ, ਜੋ ਇੱਥੇ ਪੀਜੀ ਵਿੱਚ ਰਹਿੰਦਾ ਹੈ।

ਕੁਝ ਦਿਨਾਂ ਤੋਂ ਉਹ ਪ੍ਰਤਾਪ ਨਗਰ ਇਲਾਕੇ ਵਿਚਲੇ ਨੇਪਾਲੀ ਢਾਬੇ ’ਤੇ ਰੋਟੀ ਖਾਣ ਆਉਂਦੇ ਸਨ। ਉਸ ਦਿਨ ਵੀ ਜਦੋਂ ਉਹ ਢਾਬੇ ’ਤੇ ਆਏ ਸਨ, ਤਾਂ ਉੱਥੇ ਹੀ ਮੌਜੂਦ ਅਮਰੀਕ ਸਿੰਘ ਤੇ ਹੈਪੀ ਨਾਲ ਤਕਰਾਰ ਹੋ ਗਿਆ, ਜਿਨ੍ਹਾਂ ਨੇ ਦੋਵਾਂ ਪਿਓ-ਪੁੱਤਾਂ ਦੀ ਕੁੱਟਮਾਰ ਕੀਤੀ। ਅੱਧੇ ਘੰਟੇ ਬਾਅਦ ਵਾਪਸ ਆ ਕੇ ਉਨ੍ਹਾਂ ਨੇ ਬਾਰਾਂ ਬੋਰ ਦੀ ਰਾਈਫਲ ਨਾਲ ਦੋਵਾਂ ਦੇ ਸਿਰ ਵਿਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।