Murder in Punjab: ਅਬੋਹਰ ਦੇ ਪਿੰਡ ਕਿੱਕਰਖੇੜਾ ਵਿੱਚ ਬੀਤੀ ਰਾਤ ਖੇਤਾਂ ਵਿੱਚ ਪਾਣੀ ਦੀ ਲਾਈਨ ਵਿਛਾਉਣ ਨੂੰ ਲੈ ਕੇ ਦੋ ਗੁੱਟਾਂ ਵਿੱਚ ਤਕਰਾਰ ਹੋ ਗਿਆ। ਇਸ ਖੂਨੀ ਟਕਰਾਅ ਵਿੱਚ ਪਿਓ-ਪੁੱਤ ਸਮੇਤ ਪੰਜ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ। ਦੋਵੇਂ ਧਿਰਾਂ ਭਰਾ-ਭਤੀਜੇ ਹਨ ਤੇ ਸਰਕਾਰੀ ਹਸਪਤਾਲ 'ਚ ਦਾਖਲ ਹਨ। ਥਾਣਾ ਬਹਾਵਾਲਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।



ਇਲਾਜ ਅਧੀਨ ਭੂਰ ਸਿੰਘ ਪੁੱਤਰ ਬੂਟਾ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਆਪਣੇ ਖੇਤਾਂ ਨੂੰ ਪਾਣੀ ਲਾਉਣ ਦੀ ਵਾਰੀ ਸੀ। ਉਹ ਕਰੀਬ ਅੱਠ ਵਜੇ ਪਾਣੀ ਲਾਉਣ ਲਈ ਪਹੁੰਚਿਆ ਤਾਂ ਜੋ ਖੇਤ ਵਿੱਚ ਨਰਮਾ ਬੀਜ ਸਕਣ ਪਰ ਉਸ ਦੇ ਭਤੀਜੇ, ਉਸ ਦੀ ਪਤਨੀ ਤੇ ਉਨ੍ਹਾਂ ਦੇ ਬੇਟੇ ਨੇ ਉਸ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਉਸ ਦੇ ਸਿਰ 'ਤੇ ਡੂੰਘਾ ਜ਼ਖ਼ਮ ਹੋ ਗਿਆ। ਜਦੋਂ ਉਸ ਦਾ ਲੜਕਾ ਦੁੱਲਾ ਸਿੰਘ ਉਸ ਨੂੰ ਬਚਾਉਣ ਆਇਆ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।


ਇਸੇ ਤਰ੍ਹਾਂ ਦੂਸਰੀ ਧਿਰ ਦੀ ਜਸਪ੍ਰੀਤ ਕੌਰ ਪਤਨੀ ਰੇਸ਼ਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਖੇਤ ਵਿੱਚ ਪਿਛਲੀਆਂ ਦੋ ਪਾਣੀ ਦੀਆਂ ਵਾਰੀਆਂ ਪਹਿਲੀ ਧਿਰ ਨੇ ਲਾਈਆਂ ਸਨ। ਜਦੋਂਕਿ ਹੁਣ ਪਾਣੀ ਦੀ ਵਾਰੀ ਉਨ੍ਹਾਂ ਦੀ ਸੀ। ਇਸ ਲਈ ਜਦੋਂ ਉਹ ਖੇਤ ਨੂੰ ਪਾਣੀ ਲਾਉਣ ਗਈ ਤਾਂ ਬੂਟਾ ਸਿੰਘ ਨੇ ਦਾਤਰ ਨਾਲ ਹਮਲਾ ਕਰ ਦਿੱਤਾ। 


ਇਸ ਕਾਰਨ ਉਹ ਲਹੂ-ਲੁਹਾਨ ਹੋ ਗਈ। ਜਦੋਂ ਉਸ ਦਾ ਪਤੀ ਰੇਸ਼ਮ ਸਿੰਘ, ਪੁੱਤਰ ਹਰਨੇਕ ਸਿੰਘ ਤੇ ਨਰਿੰਦਰ ਸਿੰਘ ਉਸ ਨੂੰ ਬਚਾਉਣ ਲਈ ਆਏ ਤਾਂ ਉਕਤ ਪਿਓ-ਪੁੱਤ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਸਾਰਿਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


ਐਮਰਜੈਂਸੀ ਡਾਕਟਰਾਂ ਅਨੁਸਾਰ ਬੂਟਾ ਸਿੰਘ ਦੇ ਸਿਰ 'ਤੇ ਚਾਰ ਟਾਂਕੇ ਲੱਗੇ ਹਨ, ਜਦਕਿ ਜਸਪ੍ਰੀਤ ਕੌਰ ਦੇ ਸਿਰ 'ਤੇ ਛੇ ਟਾਂਕੇ ਲੱਗੇ ਹਨ। ਇਨ੍ਹਾਂ ਸਾਰਿਆਂ ਦੀ ਐਮਐਲਆਰ ਪੁਲਿਸ ਨੂੰ ਭੇਜ ਦਿੱਤੀ ਗਈ ਹੈ।


ਇਸ ਸਬੰਧੀ ਪੁਲਿਸ ਥਾਣਾ ਬਹਾਵਲਾ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਐਮਐਲਆਰ ਦੀ ਕਾਪੀ ਉਨ੍ਹਾਂ ਕੋਲ ਪਹੁੰਚ ਗਈ ਹੈ ਤੇ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।