Punjab News: ਹੁਸ਼ਿਆਰਪੁਰ 'ਚ ਕਰਵਾ ਚੌਥ ਦੀ ਰਾਤ ਨੂੰ ਪਿਓ-ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਤੋਂ ਇਲਾਵਾ ਦੋ ਬੱਚੇ ਵੀ ਜ਼ਖਮੀ ਹੋਏ ਹਨ। ਇਹ ਘਟਨਾ ਪਿੰਡ ਚੱਕੋਵਾਲ ਬ੍ਰਾਹਮਣਾ ਦੀ ਹੈ। ਉਹ ਦੋਵੇਂ ਨਵਜੰਮੇ ਬੱਚੇ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪਹੁੰਚੇ ਸਨ। ਜਿਵੇਂ ਹੀ ਉਹ ਬਾਹਰ ਆਏ ਤਾਂ ਅਣਪਛਾਤੇ ਲੋਕਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।


ਮ੍ਰਿਤਕਾਂ ਦੀ ਪਛਾਣ ਅਮਰਜੀਤ (37) ਵਾਸੀ ਤਲਵੰਡੀ ਰਈਆਂ ਅਤੇ ਉਸ ਦੇ ਪਿਤਾ ਕਸ਼ਮੀਰ ਸਿੰਘ (60) ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਅਮਰਜੀਤ ਦੇ ਲੜਕੇ ਗੁਣਰਾਜ ਅਤੇ ਅਮਰਜੀਤ ਦੇ ਭਰਾ ਸੁਖਜੀਤ ਦੇ ਲੜਕੇ ਸ਼ਿਵਮ ਨੂੰ ਗੋਲੀਆਂ ਲੱਗੀਆਂ। ਦੋਵਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।



ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਨੇ ਤਿੰਨ ਸਾਲ ਪਹਿਲਾਂ ਨਸ਼ੇ ਦੀ ਤਸਕਰੀ ਅਤੇ ਨਜਾਇਜ਼ ਹਥਿਆਰ ਰੱਖਣ ਸਬੰਧੀ ਸ਼ਿਕਾਇਤ ਦਿੱਤੀ ਸੀ। ਇਸੇ ਰੰਜਿਸ਼ ਕਾਰਨ ਇਹ ਹਮਲਾ ਕੀਤਾ ਗਿਆ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।


ਭੁੱਲੋਵਾਲ ਦੇ ਡੀਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਕਾਰਨ ਇਹ ਹਮਲਾ ਹੋਇਆ ਹੈ। ਅਸੀਂ ਕੇਸ ਦਰਜ ਕਰ ਰਹੇ ਹਾਂ। 2 ਲੋਕਾਂ ਦੀ ਮੌਤ ਹੋ ਗਈ ਹੈ, 2 ਬੱਚੇ ਜ਼ਖਮੀ ਹੋਏ ਹਨ। ਫਿਲਹਾਲ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਸਰਪੰਚੀ ਨੂੰ ਲੈ ਕੇ ਉਨ੍ਹਾਂ ਦਾ ਕੋਈ ਵਿਵਾਦ ਨਹੀਂ ਹੈ। ਕਿਸੇ ਹੋਰ ਗੱਲ ਨੂੰ ਲੈ ਕੇ ਉਨ੍ਹਾਂ ਦੀ ਆਪਸ ਵਿੱਚ ਰੰਜਿਸ਼ ਸੀ।