ਰੌਬਟ ਦੀ ਰਿਪੋਰਟ
ਚੰਡੀਗੜ੍ਹ: ਸ਼ੌਰਯਾ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਾਤਲਾਂ ਦੀ ਪਛਾਣ ਹੋ ਗਈ ਹੈ। ਬੀਤੇ ਸੋਮਵਾਰ ਤਰਨ ਤਾਰਨ ਪੁਲਿਸ ਨੇ ਕਤਲ ਮਾਮਲੇ 'ਚ ਕੁਝ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਦੀ ਮਦਦ ਨਾਲ ਪੁਲਿਸ ਨੇ ਇਸ ਕਤਲ ਦੀ ਗੁੱਥੀ ਨੂੰ ਸੁਲਝਾਅ ਲਿਆ ਹੈ। ਕੁਝ ਦਿਨ ਪਹਿਲਾਂ ਬਲਵਿੰਦਰ ਦੇ ਸੰਭਾਵੀ ਕਾਤਲਾਂ ਦੀ CCTV ਫੁਟੇਜ ਵੀ ਸਾਹਮਣੇ ਆਈ ਸੀ। ਇਹ ਫੁਟੇਜ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ-1 ਤੇ ਜਲੰਧਰ ਨੇੜੇ ਦਾ ਸੀ। ਹੁਣ ਇਸ ਪੂਰੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਪੁਲਿਸ ਨੇ ਕਾਮਰੇਡ ਬਲਵਿੰਦਰ ਸਿੰਘ ਦੇ ਕਾਤਲਾਂ ਦੀ ਪਛਾਣ ਦੱਸੀ ਹੈ।



ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਗੁਰਦਾਸਪੁਰ ਦੇ ਗੁਰਜੀਤ ਸਿੰਘ ਉਰਫ਼ ਬਿੱਗ ਬਰਾਦਰ ਤੇ ਸੁਖਦੀਪ ਸਿੰਘ ਉਰਫ ਭੂਰਾ ਨੇ ਸੰਧੂ ਨੂੰ ਘਰ ਅੰਦਰ ਗੋਲੀਆਂ ਮਾਰੀਆਂ ਸੀ। ਪੁਲਿਸ ਮੁਤਾਬਿਕ ਇਨ੍ਹਾਂ ਦੋਨਾਂ ਨੇ ਹੀ ਗੁਰਦਾਸਪੁਰ ਦੇ ਗੈਂਗਸਟਰ ਸੁੱਖ ਭਿਖਾਰੀਵਾਲ ਦੇ ਕਹਿਣ ਤੇ ਇਸ ਪੂਰੇ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ ਹੈ। ਇਹ ਖੁਲਾਸਾ ਅੱਜ ਤਰਨ ਤਾਰਨ ਪੁਲਿਸ ਨੇ ਕੀਤਾ ਹੈ।



ਸਵਾਲ ਹਾਲੇ ਵੀ ਉਹੀ ਬਣਿਆ ਹੋਇਆ ਹੈ ਕਿ ਆਖਰ ਕਿਸ ਦੇ ਕਹਿਣ ਤੇ ਤੇ ਕਿਉਂ ਗੈਂਗਸਟਰ ਭਿਖਾਰੀਵਾਲ ਨੇ ਸੰਧੂ ਦਾ ਕਤਲ ਕਰਵਾਇਆ। ਪੁਲਿਸ ਇਸ ਸਵਾਲ ਦਾ ਹਾਲੇ ਵੀ ਜਵਾਬ ਲੱਭ ਰਹੀ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਸਰਹੱਦ ਪਾਰ ਪਾਕਿਸਤਾਨ 'ਚ ਬੈਠੇ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਦੇ ਮੁਖੀ ਮੋਸਟ ਵਾਂਟੇਡ ਰਣਜੀਤ ਸਿੰਘ ਨੀਟਾ ਨੇ ਇਹ ਕਤਲ ਕਰਵਾਇਆ ਹੈ। ਨੀਟਾ ਨੇ ਹੀ ਕਤਲ ਕਰਨ ਦਾ ਕੰਮ ਭਿਖਾਰੀਵਾਲ ਨੂੰ ਸੌਂਪਿਆ ਸੀ।

ਤਰਨ ਤਾਰਨ ਪੁਲਿਸ ਨੇ ਇਸ ਕਤਲ ਮਾਮਲੇ 'ਚ ਕਾਤਲਾਂ ਦੀ ਮਦਦ ਕਰਨ ਤੇ ਪਨਾਹ ਦੇਣ ਦੇ ਦੋਸ਼ਾਂ ਹੇਠ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਸ਼ੂਟਰ ਗੁਰਪ੍ਰੀਤ ਤੇ ਸੁਖਦੀਪ ਪੁਲਿਸ ਦੀ ਪਕੜ ਤੋਂ ਬਾਹਰ ਹਨ। ਇਸ ਪੂਰੀ ਵਾਰਦਾਤ ਦੇ ਮੁੱਖ ਮੁਲਜ਼ਮ ਸੁਖ ਭਿਖਾਰੀਵਾਲ ਦਾ ਵੀ ਪੁਲਿਸ ਨੂੰ ਹਾਲੇ ਕੋਈ ਅਤਾ ਪਤਾ ਨਹੀਂ ਹੈ। ਪੁਲਿਸ ਨੇ ਇਸ ਕਤਲ ਮਾਮਲੇ 'ਚ ਇਸਤਮਾਲ ਕੀਤਾ ਗਿਆ ਮੋਟਰਸਾਇਕਲ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਨੂੰ ਮੋਟਰਸਾਈਕਲ ਨੂੰ ਵੱਢ ਕੇ ਹਰੀਕੇ ਨਹਿਰ ਵਿੱਚ ਸੁੱਟ ਦਿੱਤਾ ਸੀ ਤੇ ਟਾਇਰਾਂ ਨੂੰ ਅੱਗ ਲਾ ਦਿੱਤੀ ਸੀ। ਇਹ ਮੋਟਰਸਾਈਕਲ ਵੀ ਚੋਰੀ ਦਾ ਸੀ ਜਿਸ ਨੂੰ ਗੁਰਦਾਸਪੁਰ ਵਿਚੋਂ ਚੋਰੀ ਕੀਤਾ ਗਿਆ ਸੀ।



ਪੁਲਿਸ ਜਾਣਕਾਰੀ ਮੁਤਾਬਿਕ ਕਾਤਲ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਪਹਿਲਾਂ ਅੰਮ੍ਰਿਤਸਰ, ਜਲੰਧਰ, ਕਪੂਰਥਲਾ ਹਾਈਵੇਅ ਤੋਂ ਲੁਧਿਆਣਾ ਪਹੁੰਚੇ ਸੀ। ਲੁਧਿਆਣਾ ਦੇ ਸਲੀਮਟਾਬਰੀ 'ਚ ਦੋਨਾਂ ਕਾਤਲਾਂ ਨੂੰ ਸੁੱਖ ਭਿਖਾਰੀਵਾਲ ਦੇ ਇੱਕ ਗੁੰਡੇ ਅਕਾਸ਼ਦੀਪ ਧਾਰੀਵਾਲ ਨੇ ਪਨਾਹ ਦਿੱਤੀ ਸੀ। ਪੁਲਿਸ ਮੁਤਾਬਿਕ ਦੋਨਾਂ ਮੁਲਜ਼ਮਾਂ ਤੇ ਕਰੀਬ 10 ਕੇਸ ਦਰਜ ਹਨ ਅਤੇ ਹਾਲਹੀ ਵਿੱਚ ਗੁਰਦਾਸਪੁਰ 'ਚ ਇਨ੍ਹਾਂ ਇੱਕ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ।



ਦੱਸ ਦੇਈਏ ਕਿ 16 ਅਕਤੂਬਰ 2020 ਨੂੰ ਸ਼ੌਰਯਾ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਦਾ ਦੋ ਅਣਪਛਾਤੇ ਕਾਤਲਾਂ ਵਲੋਂ ਉਨ੍ਹਾਂ ਦੀ ਭਿੱਖੀਵਿੰਡ ਰਹਾਇਸ਼ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਤਲ ਮਾਮਲੇ ਦੀ ਜਾਂਚ ਲਈ ਡੀਆਈਜੀ ਫਿਰੋਜ਼ਪੁਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਸੀ।

ਕਾਮਰੇਡ ਬਲਵਿੰਦਰ ਸਿੰਘ, ਨੂੰ ਪੰਜਾਬ ਵਿੱਚ ਅੱਤਵਾਦ ਵਿਰੁੱਧ ਲੜਾਈ ਲੜਨ ਲਈ ਸ਼ੌਰਯਾ ਚੱਕਰ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ 1980 ਤੇ 90 ਦੇ ਦਹਾਕੇ 'ਚ ਦਹਿਸ਼ਤਗਰਦਾਂ ਨਾਲ ਕਈ ਵਾਰ ਲੋਹਾ ਲਿਆ ਸੀ। 1993 ਤੱਕ ਬਲਵਿੰਦਰ ਸਿੰਘ ਤੇ ਪਰਿਵਾਰ 'ਤੇ 11 ਮਹੀਨਿਆਂ 'ਚ 16 ਅਟੈਕ ਹੋਏ ਸੀ। ਬਲਵਿੰਦਰ ਸਿੰਘ ਦਾ ਪਰਿਵਾਰ ਅੱਤਵਾਦੀਆਂ ਦੀ ਹਿੱਟ ਲਿਸਟ 'ਚ ਸੀ।