ਨਾਭਾ: ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਦੀ ਅੱਜ ਪੋਲ ਖੁੱਲ੍ਹ ਗਈ ਹੈ। ਅਤਿ ਸੁਰੱਖਿਅਤ ਮੰਨੀ ਜਾਣ ਵਾਲੀ ਨਾਭਾ ਮੈਕਸੀਮਮ ਸਕਿਊਰਿਟੀ ਜੇਲ੍ਹ 'ਤੇ ਅੱਜ ਸਵੇਰੇ ਕਰੀਬ 8 ਵਜੇ 10 ਦੇ ਕਰੀਬ ਹਥਿਆਰਬੰਦ ਬੰਦਿਆਂ ਨੇ ਧਾਵਾ ਬੋਲ ਦਿੱਤਾ। ਪੁਲਿਸ ਦੀ ਵਰਦੀ ਵਿੱਚ ਹਮਲਾਵਰ ਆਪਣੇ ਚਾਰ ਸਾਥੀਆਂ ਤੇ ਦੋ ਅੱਤਵਾਦੀਆਂ ਨੂੰ ਲੈ ਕੇ ਫਰਾਰ ਹੋ ਗਏ। ਹੈਰਾਨੀ ਦੀ ਗੱਲ਼ ਹੈ ਕਿ ਦਿਨ-ਦਿਹਾੜੇ ਹੋਈ ਇਸ ਵਾਰਦਾਤ ਮੌਕੇ ਪੁਲਿਸ ਕੁਝ ਵੀ ਨਾ ਕਰ ਸਕੀ।
ਜੇਲ੍ਹਾਂ ਵਿੱਚ ਮਾਰਕੁੱਟ, ਨਸ਼ਿਆਂ ਤੇ ਮੋਬਾਈਲ ਫੋਨਾਂ ਦੀ ਸ਼ਰੇਆਮ ਵਰਤੋਂ ਦੀਆਂ ਰਿਪੋਰਟਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਸੂਬੇ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਤੇ ਜੇਲ੍ਹ ਮੰਤਰੀ ਅਕਸਰ ਇਨ੍ਹਾਂ ਰਿਪੋਰਟਾਂ ਦਾ ਖੰਡਨ ਕਰਦੇ ਹਨ ਪਰ ਅੱਜ ਦੀ ਵਾਰਦਾਤ ਨੇ ਸਾਰੀ ਅਸਲੀਅਤ ਸਾਹਮਣੇ ਲਿਆ ਦਿੱਤੀ ਹੈ।
ਹਾਸਲ ਜਾਣਕਾਰੀ ਅਨੁਸਾਰ ਸਵੇਰੇ ਕਰੀਬ ਅੱਠ ਵਜੇ ਵਰਨਾ ਤੇ ਫਾਰਚੂਨਰ ਗੱਡੀਆਂ ਵਿੱਚ ਸਵਾਰ ਹੋ ਕੇ ਪੁਲਿਸ ਦੀ ਵਰਦੀ ਪਹਿਣੇ 10 ਦੇ ਕਰੀਬ ਹਮਲਾਵਰ ਜੇਲ੍ਹ ਦੇ ਮੁੱਖ ਗੇਟ 'ਤੇ ਪਹੁੰਚੇ। ਹੈਰਾਨੀ ਦੀ ਗੱਲ ਹੈ ਕਿ ਸੁਰੱਖਿਆ ਕਰਮੀਆਂ ਨੇ ਬਿਨਾ ਕਿਸੇ ਜਾਂਚ ਤੋਂ ਹੀ ਪੁਲਿਸ ਦੀ ਵਰਦੀ ਪਹਿਣੇ ਹਥਿਆਰਬੰਦ ਹਮਲਾਵਰਾਂ ਲਈ ਜੇਲ੍ਹ ਦਾ ਮੁੱਖ ਗੇਟ ਖੋਲ੍ਹ ਦਿੱਤਾ। ਇਸ ਤੋਂ ਬਾਅਦ ਹਮਲਾਵਰਾਂ ਨੇ ਗੋਲੀਆਂ ਦੀ ਬਾਰਸ਼ ਕਰਨੀ ਕਰ ਦਿੱਤੀ।
ਜੇਲ੍ਹ ਦੇ ਸੁਰੱਖਿਆ ਕਰਮੀ ਜਵਾਬੀ ਕਾਰਵਾਈ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ। ਇਸੇ ਦੌਰਾਨ ਗੋਲੀਆਂ ਚਲਾਉਂਦੇ ਹਮਲਾਵਰ ਜੇਲ੍ਹ ਵਿੱਚ ਬੰਦ ਗੈਗਸਟਰ ਵਿੱਕੀ ਗੌਂਡਰ, ਗੁਰਪ੍ਰੀਤ ਸੇਖੋਂ, ਨੀਟਾ ਦਿਓਲ, ਵਿਕਰਮਜੀਤ ਸਮੇਤ ਖਾਲਿਸਤਾਨੀ ਹਰਮਿੰਦਰ ਮਿੰਟੂ ਤੇ ਕਸ਼ਮੀਰਾ ਨੂੰ ਲ਼ੈ ਕੇ ਫਰਾਰ ਹੋ ਗਏ। ਜੇਲ੍ਹ ਦੇ ਸੁਰੱਖਿਆ ਕਰਮੀ ਸਿਰਫ ਹਵਾਈ ਫਾਇਰ ਹੀ ਕਰਦੇ ਰਹੇ।
ਜੇਲ੍ਹ ਵਿੱਚ ਗੋਲੀਆ ਚੱਲਦਿਆ ਵੇਖ ਜੇਲ੍ਹ ਦੀ ਬਾਹਰੀ ਸੜਕ ਦੇ ਸਾਹਮਣੇ ਆਪਣੀਆਂ ਦੁਕਾਨਾਂ ਵਿੱਚ ਬੈਠੇ ਦੁਕਾਨਦਾਰ ਤੇ ਆਮ ਲੋਕ ਬਾਹਰ ਨਿਕਲ ਆਏ। ਇਨ੍ਹਾਂ ਨੇ ਹਥਿਆਰਬੰਦ ਹਮਲਾਵਾਰਾਂ ਨੂੰ ਪੁਲਿਸ ਦੀ ਵਰਦੀ ਵਿੱਚ ਆਪਣੇ ਸਾਥੀਆਂ ਨੂੰ ਜੇਲ੍ਹ ਵਿੱਚੋਂ ਭਜਾ ਕੇ ਲਜਾਂਦਿਆਂ ਆਪਣੀ ਅੱਖੀਂ ਵੇਖਿਆ। ਇਨ੍ਹਾਂ ਪ੍ਰੱਤਖਦਰਸ਼ੀਆਂ ਨੇ ਦੱਸਿਆ ਕਿ ਹਮਲਾਵਰ ਬੜੀ ਅਸਾਨੀ ਨਾਲ ਆਪਣੇ ਸਾਥੀਆਂ ਨੂੰ ਜੇਲ੍ਹ ਵਿੱਚੋਂ ਭਜਾ ਕੇ ਲੈ ਗਏ।
ਪਹਿਲਾਂ ਦੋਵਾਂ ਗੱਡੀਆਂ ਨੂੰ ਪਿੰਡ ਰੋਹਟੀ ਵੱਲ ਮੋੜਿਆ ਗਿਆ ਪਰ ਰੇਲਵੇ ਫਾਟਕ ਲੱਗੇ ਹੋਣ ਕਾਰਨ ਗੱਡੀਆਂ ਨੂੰ ਯੂ-ਟਰਨ ਦੇ ਕੇ ਨਾਭਾ ਵੱਲ ਭਜਾਇਆ ਗਿਆ। ਇਸੇ ਦੌਰਾਨ ਇਹ ਹਮਲਾਵਰ ਗੱਡੀਆਂ ਵਿੱਚੋਂ ਹਵਾਈ ਫਾਇਰ ਕਰਦੇ ਰਹੇ ਤੇ ਜੇਲ੍ਹ ਵਿੱਚੋਂ ਖੋਹੀ ਪੁਲਿਸ ਦੀ ਐਸਐਲਆਰ ਰਾਈਫਲ ਨੂੰ ਸੜਕ ਕਿਨਾਰੇ ਸੁੱਟ ਗਏ।