ਚੰਡੀਗੜ੍ਹ: ਪੰਜਾਬ ਦੀਆਂ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿੱਚੋਂ ਇੱਕ ਨਾਭਾ ਦੀ ਹਾਈ ਸਕਿਉਰਟੀ ਜੇਲ੍ਹ ਨੂੰ ਧਮਕੀ ਭਰੀ ਚਿੱਠੀ ਮਿਲੀ ਹੈ ਜਿਸ ਨਾਲ ਜੇਲ੍ਹ ਪ੍ਰਸਾਸ਼ਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਹ ਧਮਕੀ ਭਰੀ ਚਿੱਠੀ 24 ਸਤਬੰਰ ਨੂੰ ਪ੍ਰੈਸ ਕਲੱਬ ਬਠਿੰਡਾ ਦੇ ਗੇਟ 'ਤੇ ਗੁਮਨਾਮ ਕੈਦੀ ਦੇ ਨਾਮ 'ਤੇ ਪਾਈ ਗਈ ਸੀ। ਇਸ ਵਿੱਚ ਨਾਭਾ ਮੈਕਸੀਮੰਮ ਸਕਿਊਰਟੀ ਜੇਲ੍ਹ ਅੰਦਰ ਸੁਰੰਗ ਪੁੱਟਣ ਤੇ ਕੁੱਕਰ ਬੰਬ ਬਣਾਏ ਜਾਣ ਦੇ ਜ਼ਿਕਰ ਤੋ ਇਲਾਵਾ ਅੱਤਵਾਦੀਆਂ ਵੱਲੋ ਸੁਰੰਗ ਰਾਹੀਂ ਨਾਭਾ ਜੇਲ੍ਹ ਵਿੱਚ ਵੱਡੀ ਵਾਰਦਾਤ ਦੀ ਤਾਕ ਬਾਰੇ ਦੱਸਿਆ ਗਿਆ ਹੈ।


ਪਰ ਇਸ ਤੋਂ ਬਾਅਦ ਜਦੋਂ ਬਠਿੰਡਾ ਦੇ ਐਸਐਸ ਪੀ ਵੱਲੋਂ ਬਰੀਕੀ ਨਾਲ ਛਾਣ ਬੀਣ ਕੀਤੀ ਗਈ ਤਾਂ ਪ੍ਰੈਸ ਕਲੱਬ ਵਿਚ ਚਿੱਠੀ ਪਾਉਣ ਵਾਲੇ ਵਿਅਕਤੀ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਨਾਲ ਨਾਭਾ ਜੇਲ ਪ੍ਰਸਾਸਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਚਿੱਠੀ ਪਾਉਣ ਵਾਲਾ ਕੋਈ ਕੈਦੀ ਨਹੀਂ ਸੀ ਸਗੋਂ ਨਾਭਾ ਜੇਲ੍ਹ ਵਿੱਚ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਹੀ ਨਿਕਲਿਆ।


ਇਹ ਸਾਰਾ ਡਰਾਮਾ ਜਸਵੀਰ ਸਿੰਘ ਨੇ ਡਿਪਟੀ ਸੁਪਰਡੈਂਟ ਗੁਰਪ੍ਰੀਤ ਸਿੰਘ ਦੀ ਤਰੱਕੀ ਨੂੰ ਰੋਕਣ ਲਈ ਇਹ ਰਚਿਆ। ਇਸ ਸਬੰਧ ਵਿੱਚ ਨਾਭਾ ਜੇਲ੍ਹ ਦੇ ਸੁਪਰਡੈਂਟ ਰਮਨਜੀਤ ਸਿੰਘ ਭੰਗੂ ਨੇ ਦੱਸਿਆ ਕਿ ਸਹਾਇਕ ਸੁਪਰਡੈਟ ਜਸਵੀਰ ਸਿੰਘ ਦੇ ਖਿਲਾਫ ਵਿਭਾਗ ਨੂੰ ਲਿਖ ਕੇ ਭੇਜ ਦਿੱਤਾ ਹੈ ਤੇ ਵਿਭਾਗ ਹੀ ਅਗਲੀ ਕਾਵਾਈ ਕਰੇਗਾ।