ਤਰਨ ਤਾਰਨ: ਸ਼ਹਿਰ ਦੇ ਇੱਕ ਸਿਨੇਮਾ ਨੇੜੇ ਕਥਿਤ ਤੌਰ 'ਤੇ ਚਾਰ ਤੋਂ ਪੰਜ ਸ਼ੱਕੀ ਵਿਅਕਤੀ ਦੇਖੇ ਗਏ ਜਿਨ੍ਹਾਂ ਕੋਲ ਹਥਿਆਰ ਵੀ ਸਨ। ਪੁਲਿਸ ਵੱਲੋਂ ਸਿਨੇਮੇ ਦੇ ਆਸਪਾਸ ਦੇ ਖੇਤਰ ਨੂੰ ਸੀਲ ਕਰ ਕੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਇੱਕ ਵਿਅਕਤੀ ਪੁਲਿਸ ਦੇ ਅੜੱਕੇ ਆ ਗਿਆ ਹੈ। ਫਿਲਹਾਲ ਪੁਲਿਸ ਇਸ ਬਾਰੇ ਕੁਝ ਨਹੀਂ ਦੱਸ ਰਹੀ। ਪੁਲਿਸ ਵੱਲੋਂ ਕਿਸੇ ਵੀ ਸੁਰੱਖਿਆ ਕਾਰਨਾਂ ਤੇ ਤਫਤੀਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ।


ਦਰਅਸਲ ਪੁਲਿਸ ਨੂੰ ਸੂਚਨਾ ਮਿਲੀ ਕਿ ਚਾਰ ਤੋ ਪੰਜ ਸ਼ੱਕੀ ਲੋਕ ਹਥਿਆਰਾਂ ਸਮੇਤ ਤਰਨ ਤਾਰਨ ਦੇ ਪ੍ਰਤਾਪ ਸਿਨੇਮਾ ਨੇੜੇ ਘੁੰਮ ਰਹੇ ਹਨ। ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਦਿਆਂ ਸਿਨੇਮਾ ਤੇ ਆਸਪਾਸ ਦੇ ਖੇਤਰ ਦੀ ਨਾਕੇਬੰਦੀ ਕਰ ਕੇ ਸਰਚ ਅਭਿਆਨ ਚਲਾਇਆ। ਦੱਸਿਆਂ ਜਾਂਦਾ ਹੈ ਪੁਲਿਸ ਦੀ ਭਿਣਕ ਮਿਲਣ 'ਤੇ ਉੱਕਤ ਲੋਕ ਫਰਾਰ ਹੋ ਰਹੇ ਸੀ ਪਰ ਸੂਤਰਾਂ ਮੁਤਾਬਿਕ ਉਨ੍ਹਾਂ ਵਿੱਚੋ ਇੱਕ ਵਿਅਕਤੀ ਪੁਲਿਸ ਦੇ ਹੱਥ ਲੱਗ ਚੁੱਕਾ ਹੈ।


ਸਿਨੇਮਾ ਦੇ ਮੈਨਜਰ ਨੇ ਦੱਸਿਆ ਕਿ ਪੁਲਿਸ ਵੱਲੋ ਸ਼ੱਕ ਦੇ ਅਧਾਰ 'ਤੇ ਸਿਨੇਮਾ ਦੀ ਚੈਕਿੰਗ ਕੀਤੀ ਸੀ ਪਰ ਇਥੋਂ ਕੁਝ ਨਹੀਂ ਮਿਲਿਆ। ਉੱਧਰ ਤਰਨ ਤਾਰਨ ਥਾਣਾ ਸ਼ਹਿਰੀ ਦੇ ਐਸਐਚਓ ਗੁਰਚਰਨ ਸਿੰਘ ਨੇ ਸੁਰੱਖਿਆ ਤੇ ਤਫਤੀਸ਼ ਦਾ ਹਵਾਲਾ ਦੇਂਦਿਆਂ ਇਹੀ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਸ਼ੱਕੀ ਵਿਅਕਤੀ ਸ਼ਹਿਰ ਵਿੱਚ ਘੁੰਮ ਰਹੇ ਜਿਸ ਨੂੰ ਲੈ ਕੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਕਿਸੇ ਗ੍ਰਿਫ਼ਤਾਰੀ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹ ਖੁਫੀਆ ਮਾਮਲਾ ਹੈ, ਫਿਲਹਾਲ ਉਹ ਨਹੀਂ ਦੱਸ ਸਕਦੇ।


ਪਿੱਛਲੇ ਕਈ ਦਿਨਾਂ ਤੋ ਖਾਲਿਸਤਾਨੀ ਵੱਖਵਾਦੀ ਗਤੀਵਿਧੀਆਂ ਨਾਲ ਜੁੜੀਆ ਸਰਗਰਮੀਆਂ ਤੋਂ ਬਾਅਦ ਪੁਲਿਸ ਵੱਲੋਂ ਤਰਨ ਤਾਰਨ ਵਿੱਚ ਲੋਕਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੀ ਗਿਆ ਸੀ। ਸਰਕਾਰ ਐਨਆਈਏ ਕੋਲੋਂ ਇਸ ਮਾਮਲੇ ਦੀ ਜਾਂਚ ਕਰਵਾ ਰਹੀ ਹੈ। ਹੁਣ ਸ਼ੱਕੀਆਂ ਦੇ ਦੇਖੇ ਜਾਣ ਕਰਕੇ ਅੱਜ ਫਿਰ ਤਰਨ ਤਾਰਨ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਗਿਆ।