ਨਾਭਾ: ਪਿੰਡ ਮੁੰਗੋ ਵਿੱਚ ਜਵਾਈ ਨੇ ਆਪਣੇ ਤਾਏ ਸਹੁਰੇ ਦਾ ਕਤਲ ਕਰ ਦਿੱਤਾ। ਕਤਲ ਕਰਨ ਲਈ ਉਸ ਨੇ ਆਪਣੀ ਲਾਇਸੈਂਸੀ ਬੰਦੂਕ ਦਾ ਇਸਤੇਮਾਲ ਕੀਤਾ। ਦਰਅਸਲ ਮ੍ਰਿਤਕ ਹਰਜੀਤ ਸਿੰਘ ਪਿੰਡ ਮੂੰਗੋ ਵਿੱਚ ਵਿਆਹੀ ਆਪਣੀ ਭਤੀਜੀ ਮਨਪ੍ਰੀਤ ਕੌਰ ਨੂੰ ਵਾਪਸ ਲੈਣ ਗਿਆ ਸੀ।


ਦੱਸਿਆ ਜਾਂਦਾ ਹੈ ਕਿ ਮਨਪ੍ਰੀਤ ਕੌਰ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਸਹੁਰਿਆਂ ਨੇ ਉਸ ਦੀ ਕੁੱਟਮਾਰ ਵੀ ਕੀਤੀ। ਇਸ ਕਰਕੇ ਉਸ ਦਾ ਤਾਇਆ ਹਰਜੀਤ ਸਿੰਘ ਉਸ ਨੂੰ ਸਹੁਰੇ ਘਰੋਂ ਵਾਪਸ ਲੈਣ ਗਿਆ ਸੀ ਜਿੱਥੇ ਜਵਾਈ ਨੇ ਉਸ ਦਾ ਕਤਲ ਕਰ ਦਿੱਤਾ।


ਨਾਭਾ ਬਲਾਕ ਦੇ ਪਿੰਡ ਅਲੋਹਰਾ ਖੁਰਦ ਦੀ ਮਨਪ੍ਰੀਤ ਕੌਰ ਦਾ 7 ਸਾਲ ਪਹਿਲਾਂ ਮੁੰਗੋ ਪਿੰਡ ਦੇ ਕੁਲਦੀਪ ਸਿੰਘ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਦਾਜ ਦੀ ਮੰਗ ਲਈ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਕੁੱਟ ਮਾਰ ਵੀ ਕੀਤੀ ਜਾਂਦੀ ਸੀ। ਇਸ ਲਈ ਪੀੜਤਾ ਦਾ ਤਾਇਆ ਹਰਜੀਤ ਸਿੰਘ ਤੇ ਹੋਰ ਮੈਂਬਰ ਜਦੋਂ ਸਹੁਰੇ ਪਿੰਡ ਮੁੰਗੋ ਤੋਂ ਮਨਪ੍ਰੀਤ ਨੂੰ ਲੈਣ ਗਏ ਤਾਂ ਉਨ੍ਹਾਂ ਦੇ ਜਵਾਈ ਕੁਲਦੀਪ ਸਿੰਘ ਨੇ ਆਪਣੇ ਤਾਏ ਸਹੁਰੇ ਹਰਜੀਤ ਸਿੰਘ ਦਾ ਬੰਦੂਕ ਨਾਲ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ।


ਪੁਲੀਸ ਨੇ ਮੁਲਜ਼ਮ ਕੁਲਦੀਪ ਸਿੰਘ ਤੇ ਉਸ ਦੇ ਮਾਤਾ-ਪਿਤਾ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਸਾਰੇ ਫਰਾਰ ਹਨ, ਪੁਲਿਸ ਨੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਲੜਕੀ ਮਨਪ੍ਰੀਤ ਕੌਰ ਦੇ ਭਰਾ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।


ਉਸ ਨੇ ਦੱਸਿਆ ਕਿ ਮਨਪ੍ਰੀਤ ਦੇ ਸਹੁਰੇ ਉਨ੍ਹਾਂ ਕੋਲੋਂ 5 ਲੱਖ ਦੀ ਮੰਗ ਕਰ ਰਹੇ ਸੀ। ਜਦੋਂ ਉਹ ਭੈਣ ਦੇ ਸਹੁਰੇ ਘਰ ਗਿਆ ਤਾਂ ਸਹੁਰਿਆਂ ਨੇ ਉਸ ਦੀ ਭੈਣ ਮਨਪ੍ਰੀਤ ਨਾਲ ਕੁੱਟ ਮਾਰ ਕੀਤੀ ਸੀ। ਉਸ ਨੂੰ ਕਮਰੇ ਵਿੱਚ ਬੰਦ ਕੀਤਾ ਸੀ। ਉਸ ਨੇ ਫਿਰ ਆਪਣੇ ਤਾਏ ਨੂੰ ਬੁਲਾਇਆ। ਜਦੋਂ ਉਹ ਮਨਪ੍ਰੀਤ ਨੂੰ ਲਿਜਾਣ ਲੱਗੇ ਤਾਂ ਕੁਲਦੀਪ ਸਿੰਘ ਨੇ ਤਾਏ ਨੂੰ ਗੋਲ਼ੀਆਂ ਮਾਰ ਢੇਰ ਕਰ ਦਿੱਤਾ।