ਭੁਲੇਖੇ 'ਚ ਹੋਇਆ ਨਾਭਾ ਦੇ ਆੜ੍ਹਤੀਏ ਦਾ ਕਤਲ, ਅਸਲ ਨਿਸ਼ਾਨਾ ਸੀ ਉਸ ਦਾ ਭਰਾ
ਏਬੀਪੀ ਸਾਂਝਾ | 30 Oct 2017 05:01 PM (IST)
ਨਾਭਾ: ਮੋਨਿਕ ਜਿੰਦਲ ਕਤਲ ਕਾਂਡ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਮੋਨਿਕ ਦੇ ਭਰਾ ਸੋਨੂੰ ਜਿੰਦਲ 'ਤੇ ਕਰਨਾ ਸੀ ਜਦਕਿ ਉਸ ਦਾ ਕਤਲ ਭੁਲੇਖੇ ਵਿੱਚ ਹੀ ਹੋ ਗਿਆ। ਆਪਣੇ ਭਰਾ ਦੀ ਆਲਟੋ ਕਾਰ ਹੀ ਉਸ ਦੇ ਕਤਲ ਦੀ ਵਜ੍ਹਾ ਬਣ ਗਈ। ਅੱਜ ਪੱਤਰਕਾਰਾਂ ਨਾਲ ਇਸ ਮਾਮਲੇ ਬਾਰੇ ਗੱਲਬਾਤ ਕਰਦਿਆਂ ਪੁਲਿਸ ਨੇ ਦੱਸਿਆ ਕਿ ਮੋਨਿਕ ਦੇ ਆਪਣੇ ਭਰਾ ਦੀ ਆਲਟੋ ਕਾਰ ਵਿੱਚ ਸਵਾਰ ਹੋਣ ਕਾਰਨ ਉਸ ਦੀ ਸਹੀ ਪਛਾਣ ਨਹੀਂ ਹੋਈ। ਹਮਲਾਵਰ ਨੇ ਆਪਣੇ ਨਿਸ਼ਾਨੇ ਦੀ ਥਾਂ ਮੋਨਿਕ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਇਹ ਵੀ ਕਿਹਾ ਕਿ ਮੋਨਿਕ ਦੇ ਕਤਲ ਦਾ ਕਾਰਨ ਕੁਝ ਜ਼ਮੀਨੀ ਵਿਵਾਦ ਤੇ 38 ਲੱਖ ਰੁਪਏ ਲੈਣ-ਦੇਣ ਦੇ ਮਾਮਲੇ ਕਰ ਕੇ ਹੋਇਆ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮ ਨੇ ਪੁੱਛ-ਗਿੱਛ ਦੌਰਾਨ ਮੋਨਿਕ ਦੇ ਕਤਲ ਦੋਸ਼ ਕਬੂਲ ਕੀਤਾ ਹੈ। ਉਸ ਨੇ ਇਹ ਵੀ ਦੱਸਿਆ ਹੈ ਕਿ ਮੋਨਿਕ ਆਪਣੇ ਭਰਾ ਦੀ ਥਾਂ ਗ਼ਲਤੀ ਕਾਰਨ ਮਾਰਿਆ ਗਿਆ। ਪੁਲਿਸ ਮੁਤਾਬਕ ਮੁਲਜ਼ਮ ਨੇ ਪੜਤਾਲ ਦੌਰਾਨ ਦੱਸਿਆ ਕਿ ਕਾਤਲ ਨੂੰ ਮੋਨਿਕ ਦਾ ਭਰਾ ਸੋਨੂੰ ਜਿੰਦਲ ਦੇ ਕਤਲ ਦੀ ਸੁਪਾਰੀ ਤਿੰਨ ਲੱਖ ਦੀ ਵਿੱਚ ਦਿੱਤੀ ਗਈ ਸੀ। ਕਾਤਲ ਨੂੰ ਦੋਵੇਂ ਭਰਾਵਾਂ ਦੀ ਪਛਾਣ ਨਹੀਂ ਸੀ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸੁਪਾਰੀ ਕਿਲਰ ਬਿੱਟੂ ਸਿੰਘ ਉਰਫ਼ ਬੂਟਾ ਸਿੰਘ ਹਾਲੇ ਫਰਾਰ ਹੈ ਪਰ ਪੁਲਿਸ ਸੁਖਜਿੰਦਰ ਸਿੰਘ ਨੂੰ ਫੜਨ ਵਿੱਚ ਕਾਮਯਾਬ ਹੋਈ ਹੈ, ਜਿਸਦਾ ਮੋਨਿਕ ਜਿੰਦਲ ਦੇ ਭਰਾ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਸੁਖਜਿੰਦਰ ਦੀ ਮ੍ਰਿਤਕ ਆੜ੍ਹਤੀਏ ਦੇ ਭਰਾ ਨਾਲ ਪੈਸੇ ਦੇ ਲੈਣ-ਦੇਣ ਕਾਰਨ ਕੁਝ ਸਮਾਂ ਪਹਿਲਾਂ ਤਕਰਾਰ ਵੀ ਹੋਈ ਸੀ। ਸਮੁੱਚੇ ਘਟਨਾਕ੍ਰਮ ਨੂੰ ਬਿਆਨ ਕਰਦਿਆਂ ਪੁਲਿਸ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਸੁਖਵਿੰਦਰ, ਬਿੱਟੂ ਨੂੰ ਆੜ੍ਹਤੀਏ ਦੀ ਦੁਕਾਨ ਦੇ ਸਾਹਮਣੇ ਦਰਖ਼ਤ ਹੇਠਾਂ ਬਿਠਾ ਕੇ ਸੋਨੂੰ ਦੀ ਪਛਾਣ ਕਰਵਾਉਣ ਲਈ ਲੈ ਆਇਆ ਪਰ ਉਸ ਦਿਨ ਦੁਕਾਨ 'ਤੇ ਸੋਨੂੰ ਤੇ ਮ੍ਰਿਤਕ ਮੋਨਿਕ ਜਿੰਦਲ ਤੇ ਉਨ੍ਹਾਂ ਦਾ ਪਿਤਾ ਵੀ ਸੀ, ਜਿਸ ਕਰ ਕੇ ਬਿੱਟੂ ਨੂੰ ਸਹੀ ਤਰੀਕੇ ਨਾਲ ਪਛਾਣ ਨਾ ਸਕਿਆ। ਅਗਲੇ ਦਿਨ ਜਿਸ ਸਮੇਂ ਅਕਸਰ ਸੋਨੂੰ ਜਿੰਦਲ ਦੁਕਾਨ 'ਤੇ ਬੈਠਦਾ ਸੀ, ਉਸ ਸਮੇਂ ਹੀ ਸੁਖਵਿੰਦਰ ਬਿੱਟੂ ਨੂੰ ਨਾਲ ਲੈ ਕੇ ਆਇਆ ਪਰ ਉਸ ਦਿਨ ਸੋਨੂੰ ਦੀ ਥਾਂ 'ਤੇ ਮੋਨਿਕ ਜਿੰਦਲ ਦੁਕਾਨ 'ਤੇ ਬੈਠਾ ਸੀ। ਸੋਨੂੰ ਦੀ ਕਾਰ ਦੁਕਾਨ ਦੇ ਬਾਹਰ ਖੜ੍ਹੀ ਵੇਖ ਸੁਖਵਿੰਦਰ ਮੋਟਰਸਾਈਕਲ 'ਤੇ ਪਿੱਛੇ ਹੀ ਰੁਕ ਗਿਆ ਤੇ ਬਿੱਟੂ ਦੁਕਾਨ ਅੰਦਰ ਚਲਿਆ ਗਿਆ। ਮੋਨਿਕ ਹੇਠਾਂ ਮੂੰਹ ਕਰ ਕੇ ਕੰਮ ਕਰ ਰਿਹਾ ਸੀ, ਬਿੱਟੂ ਨੇ ਜਾਂਦੇ ਹੀ ਉਸ ਦੇ ਸਿਰ 'ਤੇ ਰਿਵਾਲਵਰ ਰੱਖੀ ਅਤੇ ਜਿਉਂ ਹੀ ਮੋਨਿਕ ਨੇ ਸਿਰ ਉਪਰ ਚੁੱਕਿਆ, ਬਿੱਟੂ ਨੇ ਮੋਨਿਕ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਮੌਕੇ 'ਤੇ ਢੇਰੀ ਹੋ ਗਿਆ। ਜ਼ਿਕਰਯੋਗ ਹੈ ਕਿ 25 ਅਕਤੂਬਰ ਨੂੰ ਨਾਭਾ ਦੀ ਅਨਾਜ ਮੰਡੀ ਵਿੱਚ ਆੜ੍ਹਤੀਏ ਮੋਨਿਕ ਜਿੰਦਲ ਦਾ ਰਾਤ ਸਮੇਂ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਆੜ੍ਹਤੀ ਮੋਨਿਕ ਜਿੰਦਲ ਦੇ ਕਤਲ ਤੋਂ ਬਾਅਦ ਸਦਮਾ ਨਾ ਸਹਾਰਦੇ ਹੋਏ ਅਗਲੀ ਸਵੇਰ ਉਸ ਦੀ ਮਾਤਾ ਪਦਮਾ ਜਿੰਦਲ ਦੀ ਵੀ ਮੌਤ ਹੋ ਗਈ। ਨਾਭਾ ਦੀ ਅਨਾਜ ਮੰਡੀ ਆੜ੍ਹਤੀਆ ਮੋਨਿਕ ਜਿੰਦਲ ਜੋ ਖਾਦ-ਦਵਾਈਆਂ ਦਾ ਕਾਰੋਬਾਰੀ ਸੀ ਤੇ ਰਾਤ ਦੇ ਤਕਰੀਬਨ ਸਾਢੇ ਅੱਠ ਵਜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।