ਜਲੰਧਰ: ਬੀਤੇ ਦਿਨੀਂ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (PIMS) ਦੇ ਨਿਰਦੇਸ਼ਕ ਅਮਿਤ ਸਿੰਘ ਨੂੰ ਹਸਪਤਾਲ ਦੇ ਹੀ ਸਫ਼ਾਈ ਕਰਮਚਾਰੀਆਂ ਵੱਲੋਂ ਕੁੱਟਮਾਰ ਦੀ ਘਟਨਾ ਤੋਂ ਬਾਅਦ ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਦੱਸ ਦੇਈਏ ਕਿ ਬੀਤੀਆਂ ਵਿਧਾਨ ਸਭਾ ਚੋਣਾਂ ਵਿੱਚ ਚੰਦਨ ਗਰੇਵਾਲ ਨੇ ਕਰਤਾਰਪੁਰ ਸੀਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਸੀ ਤੇ ਹਾਰ ਗਿਆ ਸੀ। ਚੰਦਨ ਨੇ 'ਪਿਮਜ਼' ਦੇ ਨਿਰਦੇਸ਼ਕ ਅਮਿਤ ਸਿੰਘ 'ਤੇ ਜਾਤੀਸੂਚਕ ਸ਼ਬਦ ਬੋਲਣ ਦੇ ਇਲਜ਼ਾਮ ਲਾਏ ਹਨ, ਜਦਕਿ ਨਿਰਦੇਸ਼ਕ ਨੇ ਸਫ਼ਾਈ ਕਰਮਚਾਰੀਆਂ 'ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ ਹਨ। ਇਸ ਘਟਨਾ ਨੂੰ 3 ਦਿਨ ਹੋ ਗਏ ਹਨ। ਪੁਲਿਸ ਨੇ ਦੋਵਾਂ ਪੱਖਾਂ ਦੀ ਸ਼ਿਕਾਇਤ 'ਤੇ ਜਾਂਚ ਤਾਂ ਆਰੰਭ ਦਿੱਤੀ ਹੈ ਪਰ ਮਾਮਲਾ ਦਰਜ ਨਹੀਂ ਕੀਤਾ ਹੈ।
ਜ਼ਿਕਰਯੋਗ ਹੈਕ ਕਿ ਬੀਤੇ ਦਿਨੀਂ ਕੁਝ ਸਮਾਂ ਪਹਿਲਾਂ ਪਿਮਜ਼ ਦੇ ਦੋ ਸਫਾਈ ਕਰਮਚਾਰੀਆਂ ਨੂੰ ਬਰਖਾਸਤ ਕਰਨ ਤੇ ਕਰਮਚਾਰੀਆਂ ਦੀ ਤਨਖ਼ਾਹ ਵਧਾਉਣ ਦੇ ਮਾਮਲੇ ਕਿਰਤ ਟ੍ਰਿਬਿਊਨਲ ਵਿੱਚ ਸੁਣਵਾਈ ਸੀ।
ਇਸ ਦੌਰਾਨ ਨਿਰਦੇਸ਼ਕ ਤੇ ਸਫ਼ਾਈ ਯੂਨੀਅਨ ਸੁਣਵਾਈ ਲਈ ਡੀ.ਸੀ. ਕੰਪਲੈਕਸ ਵਿੱਚ ਪਹੁੰਚੀਆਂ ਸਨ ਤਾਂ ਉਨ੍ਹਾਂ ਵਿਚਾਲੇ ਬਹਿਸ ਹੋ ਗਈ। ਤਲਖੀ ਵਿੱਚ ਆਏ ਕਰਮਚਾਰੀਆਂ ਨੇ ਨਿਰਦੇਸ਼ਕ ਦੇ ਥੱਪੜ ਜੜ ਦਿੱਤੇ ਤੇ ਧੱਕਾ-ਮੁੱਕੀ ਵਿੱਚ ਉਹ ਹੇਠਾਂ ਡਿੱਗ ਗਿਆ। ਪੁਲਿਸ ਨੇ ਦਖਲ ਦਿੱਤੀ ਤੇ ਦੋਵਾਂ ਧਿਰਾਂ ਨੂੰ ਛੁਡਵਾਇਆ ਸੀ।