ਮੁਆਫੀ ਤੋਂ ਬਾਅਦ ਵੀ ਬਿੱਲਾਂ ਦੀ ਵਸੂਲੀ, ਭਗਵੰਤ ਮਾਨ ਵੱਲੋਂ ਵਿਰੋਧ ਮਗਰੋਂ ਹੰਗਾਮਾ
ਏਬੀਪੀ ਸਾਂਝਾ | 12 Mar 2019 05:37 PM (IST)
ਚੰਡੀਗੜ੍ਹ: ਨਗਰ ਪੰਚਾਇਤ ਹੰਡਿਆਇਆ ਦੇ ਲੋਕਾਂ ਨੇ ਅੱਜ ਖ਼ੂਬ ਹੰਗਾਮਾ ਕੀਤਾ। ਦਰਅਸਲ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਇੱਥੇ 5 ਮਰਲੇ ਤਕ ਦੇ ਘਰਾਂ ਦੇ ਸੀਵਰੇਜ ਪਾਣੀ ਦੇ ਬਿੱਲ ਮੁਆਫ ਕਰਵਾਉਣ ਲਈ ਪੁੱਜੇ ਸੀ। ਇੱਥੇ ਆ ਕੇ ਪਤਾ ਲੱਗਾ ਕਿ 2006 ਤੋਂ ਹੀ ਤਤਕਾਲੀ ਸਰਕਾਰ ਨੇ 5 ਮਰਲੇ ਤਕ ਦੇ ਘਰਾਂ ਦੇ ਸੀਵਰੇਜ ਪਾਣੀ ਦੇ ਬਿੱਲ ਮੁਆਫ ਕਰ ਦਿੱਤੇ ਸੀ। ਨਗਰ ਪੰਚਾਇਤ ਹੰਡਿਆਇਆ ਅੱਜ ਤਕ ਸਾਰਿਆਂ ਕੋਲੋਂ ਬਿੱਲਾਂ ਦੀ ਵਸੂਲੀ ਕਰ ਰਹੀ ਸੀ। ਇਸ ਦਾ ਖ਼ੁਲਾਸਾ ਹੋਣ ’ਤੇ ਲੋਕਾਂ ਨੇ ਕਾਫੀ ਹੰਗਾਮਾ ਕੀਤਾ। ਇਸ ਮਾਮਲੇ ਸਬੰਧੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਵਿਧਾਨ ਸਭਾ ਵਿੱਚ ਇਹ ਮੁੱਦਾ ਚੁੱਕਿਆ ਸੀ। ਇਸ ਦੇ ਬਾਅਦ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਸੀ ਕਿ 5 ਮਰਲੇ ਤਕ ਦੇ ਘਰਾਂ ਦਾ ਪਾਣੀ ਦਾ ਬਿੱਲ ਪਹਿਲਾਂ ਹੀ ਮੁਆਫ ਹੈ ਪਰ ਨਗਰ ਪੰਚਾਇਤ ਮਤਾ ਪਾ ਕੇ ਦੁਬਾਰਾ ਬਿੱਲ ਲੈਣੇ ਸ਼ੁਰੂ ਕਰ ਦਿੰਦੀ ਹੈ। ਇਸ ਤੋਂ ਬਾਅਦ ਬਰਨਾਲਾ ਤੋਂ ‘ਆਪ’ ਵਿਧਾਇਕ ਮੀਤ ਹੇਅਰ ਨੇ ਬਰਨਾਲਾ ਨਗਰ ਕੌਂਸਲ ਨੂੰ ਇਹ ਸੀਵਰੇਜ ਦੇ ਬਿੱਲ ਮੁਆਫ ਕਰਨ ਦੀ ਅਪੀਲ ਕੀਤੀ ਸੀ। ਇਸ ਦੇ ਬਾਅਦ ਬਰਨਾਲਾ ਵਿੱਚ 5 ਮਰਲੇ ਤਕ ਦੇ ਘਰਾਂ ਦਾ ਸੀਵਰੇਜ ਪਾਣੀ ਦਾ ਬਿੱਲ ਮੁਆਫ ਕਰ ਦਿੱਤਾ ਗਿਆ ਹੈ। ਅੱਜ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਕਿ ਨਗਰ ਪੰਚਾਇਤ ਹੰਡਿਆਇਆ ਵੀ 5 ਮਰਲੇ ਤਕ ਦੇ ਘਰਾਂ ਦੇ ਸੀਵਰੇਜ ਦੇ ਪਾਣੀ ਦੇ ਬਿੱਲ ਲੈ ਰਹੀ ਹੈ। ਉਨ੍ਹਾਂ ਹੈਰਾਨੀ ਜਤਾਉਂਦਿਆਂ ਦੱਸਿਆ ਕਿ ਇਹ ਬਿੱਲ ਲਾਉਣ ਸਬੰਧੀ ਨਗਰ ਪੰਚਾਇਤ ਵੱਲੋਂ ਕੋਈ ਮਤਾ ਵੀ ਨਹੀਂ ਪਾਇਆ ਗਿਆ। ਪਿਛਲੇ 13 ਸਾਲਾਂ ਤੋਂ ਇਹ ਘਪਲਾ ਚੱਲਦਾ ਆ ਰਿਹਾ ਹੈ। ਇੰਨੇ ਸਮੇਂ ਤੋਂ ਕਰੀਬ ਹਜ਼ਾਰ ਗ਼ਰੀਬ ਪਰਿਵਾਰਾਂ ਤੋਂ ਨਗਰ ਪੰਚਾਇਤ ਕਰੀਬ 2 ਕਰੋੜ ਰੁਪਏ ਵਸੂਲ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਏਗੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਕਈ ਲੋਕ ਕਾਫੀ ਗਰੀਬ ਹਨ ਤੇ ਦਿਹਾੜੀ ਕਰਕੇ ਆਪਣਾ ਬੁੱਤਾ ਸਾਰਦੇ ਹਨ। ਉਨ੍ਹਾਂ ਦੱਸਿਆ ਕਿ ਸਾਰੇ ਪਿੰਡ ਵਾਸੀ 2006 ਤੋਂ ਹੀ ਸੀਵਰੇਜ ਦੇ ਪਾਣੀ ਦਾ ਬਿੱਲ ਭਰ ਰਹੇ ਹਨ ਜਦਕਿ ਤਤਕਾਲੀ ਸਰਕਾਰ ਨੇ 5 ਮਰਲੇ ਤਕ ਦੇ ਘਰਾਂ ਦੇ ਬਿੱਲ ਮਾਫ ਕਰ ਦਿੱਤੇ ਸੀ। ਇੱਥੋਂ ਤਕ ਕਿ ਜੇ ਬਿੱਲ ਲੇਟ ਹੋ ਜਾਏ ਤਾਂ ਲੋਕਾਂ ਕੋਲੋਂ ਇਸ ਦਾ ਜ਼ੁਰਮਾਨਾ ਵੀ ਵਸੂਲਿਆ ਜਾਂਦਾ ਹੈ। ਕਿਸੇ-ਕਿਸੇ ਦਾ ਤਾਂ ਪਾਣੀ ਦਾ ਕੁਨੈਕਸ਼ਨ ਹੀ ਕੱਟ ਦਿੱਤਾ ਗਿਆ ਹੈ।