ਅੰਮ੍ਰਿਤਸਰ: ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਪਰਤ ਰਹੇ ਸ਼ਰਧਾਲੂਆਂ ਵਿੱਚ ਕੋਰੋਨਾਵਾਇਰਸ ਦੇ ਲੱਛਣ ਪੂਰਾ ਜ਼ੋਰ ਵਿਖਾ ਰਹੇ ਹਨ। ਦੋ ਦਿਨਾਂ 'ਚ 83 ਤੋਂ ਵੱਧ ਸ਼ਰਧਾਲੂ ਸੂਬੇ ਭਰ 'ਚ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਸ਼ਰਧਾਲੂਆਂ 'ਚ ਵੱਧਦੇ ਕੋਰੋਨਾਵਾਇਰਸ ਨੇ ਪੰਜਾਬ ਸਰਕਾਰ ਦੇ ਸਾਹ ਸੁਕਾ ਦਿੱਤੇ ਹਨ। ਸੂਬੇ ਭਰ 'ਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 424 ਹੋ ਗਏ ਹਨ। ਅੰਮ੍ਰਤਿਸਰ ਤੋਂ ਹੀ 23 ਸ਼ਰਧਾਲੂ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।

ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਸੈਂਪਲਾਂ ਦੀ ਜਾਂਚ ਦਾ ਕੰਮ ਬੇਹੱਦ ਢਿੱਲਾ ਤੇ ਹੌਲੀ ਚੱਲ ਰਿਹਾ ਹੈ। ਅੰਮ੍ਰਿਤਸਰ ਵਿੱਚ ਪਿਛਲੇ ਪੰਜ ਦਿਨਾਂ ਤੋਂ ਸ਼ਰਧਾਲੂ ਲਗਾਤਾਰ ਵਾਪਸ ਆ ਰਹੇ ਹਨ। ਅੰਮ੍ਰਿਤਸਰ 'ਚ ਹੁਣ ਤਕ 865 ਸ਼ਰਧਾਲੂ ਹਜ਼ੂਰ ਸਾਹਿਬ ਤੋਂ ਪੁੱਜੇ ਹਨ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਲੇ ਤੱਕ ਸਿਰਫ 39 ਯਾਤਰੀਆਂ ਦੀ ਹੀ ਰਿਪੋਰਟ ਨੈਗੇਟਿਵ ਪਾਏ ਗਏ ਹਨ। ਕਈਆਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।

ਅੰਮ੍ਰਿਤਸਰ ਜ਼ਿਲ੍ਹੇ ਦੇ ਸਿਵਲ ਸਰਜਨ ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਸਾਰਿਆਂ ਸ਼ਰਧਾਲੂਆਂ ਦੇ ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਜ ਦੁਪਹਿਰ ਤੱਕ ਸਾਰੇ ਹੀ ਸ਼ਰਧਾਲੂਆਂ ਦੀ ਰਿਪੋਰਟ ਆ ਜਾਵੇਗੀ। ਅੰਮ੍ਰਿਤਸਰ ਦੇ ਵਿੱਚ ਸੈਂਪਲਾਂ ਦੀ ਜਾਂਚ ਦਾ ਕੰਮ ਢਿੱਲਾ ਚੱਲਣ ਦੇ ਮਾਮਲੇ ਤੇ ਸਿਵਲ ਸਰਜਨ ਜੁਗਲ ਕਿਸ਼ੋਰ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਟੈਸਟਿੰਗ ਲੈਬ ਦੇ ਵਿੱਚ ਵਰਕਲੋਡ ਕਾਫੀ ਹੈ।

ਇੱਥੇ ਅੰਮ੍ਰਿਤਸਰ ਦੇ ਨਾਲ ਨਾਲ ਪੰਜ ਹੋਰ ਜ਼ਿਲ੍ਹਿਆਂ ਦੇ ਸੈਂਪਲਾਂ ਦੀ ਵੀ ਜਾਂਚੇ ਜਾਂਦੇ ਹਨ। ਸਾਡੀ ਲੈਬ 24 ਘੰਟੇ ਕੰਮ ਕਰ ਰਹੀ ਹੈ ਜਿਸ ਕਾਰਨ ਕੁਝ ਦੇਰੀ ਜ਼ਰੂਰ ਹੋ ਰਹੀ ਹੈ ਪਰ ਅੱਜ ਬਾਅਦ ਦੁਪਹਿਰ ਤੱਕ ਸਭ ਦੀ ਕਨਫਰਮੇਸ਼ਨ ਰਿਪੋਰਟ ਆ ਜਾਵੇਗੀ।

ਹਜ਼ੂਰ ਸਾਹਿਬ ਤੋਂ ਪਰਤ ਰਹੇ ਸ਼ਰਧਾਲੂਆਂ ਨੂੰ ਕੁਆਰਨਟਾਈਨ ਸੈਂਟਰਾਂ ਦੇ ਵਿੱਚ ਰੱਖਣ ਦੀ ਐਡਵਾਂਸ ਸੂਚਨਾ ਨਾ ਦਿੱਤੇ ਜਾਣ ਤੇ ਸਿਵਲ ਸਰਜਨ ਜੁਗਲ ਕਿਸ਼ੋਰ ਨੇ ਆਖਿਆ ਕਿ ਸਾਡੇ ਵੱਲੋਂ ਇਸ ਸਬੰਧੀ ਬਕਾਇਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੱਤੀ ਗਈ ਸੀ।