ਨਹੀਂ ਰਹੇ ‘ਭਜਨ ਸਮਰਾਟ’ ਨਰਿੰਦਰ ਚੰਚਲ
ਏਬੀਪੀ ਸਾਂਝਾ | 22 Jan 2021 02:03 PM (IST)
Narendra Chahal Death: ਅੰਮ੍ਰਿਤਸਰ ਦੀ ਨਮਕ ਮੰਡੀ ਦੇ ਜੰਮਪਲ ਤੇ ‘ਭਜਨ ਸਮਰਾਟ’ ਵਜੋਂ ਜਾਣੇ ਜਾਂਦੇ ਨਰਿੰਦਰ ਚੰਚਲ ਦਾ ਨਵੀਂ ਦਿੱਲੀ ’ਚ ਦੇਹਾਂਤ ਹੋ ਗਿਆ ਹੈ। ਉਹ 80 ਸਾਲਾਂ ਦੇ ਸਨ। ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਨਰਿੰਦਰ ਚੰਚਲ ਕਾਫ਼ੀ ਸਮੇਂ ਤੋਂ ਦਿੱਲੀ ਦੇ ਅਪੋਲੋ ਹਸਪਤਾਲ ’ਚ ਦਾਖ਼ਲ ਸਨ।
ਚੰਡੀਗੜ੍ਹ: ਅੰਮ੍ਰਿਤਸਰ ਦੀ ਨਮਕ ਮੰਡੀ ਦੇ ਜੰਮਪਲ ਤੇ ‘ਭਜਨ ਸਮਰਾਟ’ ਵਜੋਂ ਜਾਣੇ ਜਾਂਦੇ ਨਰਿੰਦਰ ਚੰਚਲ ਦਾ ਨਵੀਂ ਦਿੱਲੀ ’ਚ ਦੇਹਾਂਤ ਹੋ ਗਿਆ ਹੈ। ਉਹ 80 ਸਾਲਾਂ ਦੇ ਸਨ। ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਨਰਿੰਦਰ ਚੰਚਲ ਕਾਫ਼ੀ ਸਮੇਂ ਤੋਂ ਦਿੱਲੀ ਦੇ ਅਪੋਲੋ ਹਸਪਤਾਲ ’ਚ ਦਾਖ਼ਲ ਸਨ। ਨਰਿੰਦਰ ਚੰਚਲ ਦਾ ਜਨਮ 16 ਅਕਤੂਬਰ, 1940 ਨੂੰ ਹੋਇਆ ਸੀ ਤੇ ਉਨ੍ਹਾਂ ਦੀ ਪਰਵਰਿਸ਼ ਧਾਰਮਿਕ ਮਾਹੌਲ ’ਚ ਹੋਈ ਸੀ। ਉਨ੍ਹਾਂ ਭਜਨ, ਮਾਤਾ ਦੀਆਂ ਭੇਟਾਂ ਤੇ ਆਰਤੀਆਂ ਗਾ ਕੇ ਖ਼ੂਬ ਨਾਮਣਾ ਖੱਟਿਆ। ਫ਼ਿਲਮ ਨਿਰਮਾਤਾ, ਨਿਰਦੇਸ਼ਕ ਤੇ ਅਦਾਕਾਰ ਰਾਜਕਪੂਰ ਨੇ ਨਰਿੰਦਰ ਚੰਚਲ ਦੀ ਗਾਇਕੀ ਦੀ ਸਮਰੱਥਾ ਨੂੰ ਪਛਾਣਦਿਆਂ ਆਪਣੀ ਫ਼ਿਲਮ ‘ਬੌਬੀ’ ’ਚ ਗਾਉਣ ਦਾ ਮੌਕਾ ਦਿੱਤਾ ਸੀ। ਉਹ ਗੀਤ ‘ਬੇਸ਼ੱਕ ਮੰਦਰ – ਮਸਜਿਦ ਤੋੜੋ, ਬੁੱਲ੍ਹੇ ਸ਼ਾਹ ਹੈ ਕਹਿਤਾ ਪਰ ਪਿਆਰ ਭਰਾ ਦਿਲ ਕਭੀ ਨਾ ਤੋੜੋ…’ ਬਹੁਤ ਹਿੱਟ ਹੋਇਆ ਸੀ। ਅਮਰੀਕੀ ਸੂਬੇ ਜਾਰਜੀਆ ਨੇ ਸਤਿਕਾਰ ਵਜੋਂ ਨਰਿੰਦਰ ਚੰਚਲ ਨੂੰ ਆਨਰੇਰੀ ਨਾਗਰਿਕਤਾ ਵੀ ਦਿੱਤੀ ਸੀ। ਨਰਿੰਦਰ ਚੰਚਲ ਦੀ ਇੱਕ ਸਵੈ ਜੀਵਨੀ ‘ਮਿਡਨਾਈਟ ਸਿੰਗਰ’ ਵੀ ਰਿਲੀਜ਼ ਹੋ ਚੁੱਕੀ ਹੈ; ਜਿਸ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਹੀ ਨਹੀਂ, ਸਗੋਂ ਸੰਘਰਸ਼ਾਂ ਦਾ ਵੀ ਜ਼ਿਕਰ ਹੈ। ਮਾਤਾ ਦੀਆਂ ਭੇਟਾਂ ਦੇ ਤਾਂ ਉਹ ਬਾਦਸ਼ਾਹ ਸਨ। ਜਤਿੰਦਰ ਤੇ ਰੀਨਾ ਰਾਏ ਦੀ ਫ਼ਿਲਮ ‘ਆਸ਼ਾ’ ’ਚ ਨਰਿੰਦਰ ਚੰਚਲ ਦਾ ਮੁਹੰਮਦ ਰਫ਼ੀ ਨਾਲ ਗਾਇਆ ਧਾਰਮਿਕ ਗੀਤ ‘ਤੂਨੇ ਮੁਝੇ ਬੁਲਾਇਆ ਸ਼ੇਰਾਂ ਵਾਲੀਏ, ਮੈਂ ਆਇਆ ਮੈਂ ਆਇਆ ਸ਼ੇਰਾਂ ਵਾਲੀਏ…’ ਅੱਜ ਵੀ ਬੱਚੇ–ਬੱਚੇ ਦੀ ਜ਼ੁਬਾਨ ਉੱਤੇ ਹੈ।