ਪਟਿਆਲਾ: ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ ਵਿੱਚ ਆਮ ਆਦਮੀ ਪਾਰਟੀ ਦਿੱਲੀ ਦੇ ਵਿਧਾਇਕ ਨਰੇਸ਼ ਯਾਦਵ ਅੱਜ ਜਾਂਚ ਟੀਮ ਅੱਗੇ ਪੇਸ਼ ਹੋਏ। ਉਨ੍ਹਾਂ ਨੂੰ ਸੰਗਰੂਰ ਪੁਲਿਸ ਵੱਲੋਂ ਪਟਿਆਲਾ ਵਿੱਚ ਤਲਬ ਕੀਤਾ ਸੀ। ਇਸ ਮੌਕੇ ਉਨ੍ਹਾਂ ਨਾਲ ਸੰਜੇ ਸਿੰਘ ਵੀ ਮੌਜੂਦ ਰਹੇ। ਯਾਦਵ ਨੂੰ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਤੇ ਉਹ ਠੀਕ ਸਮੇਂ 'ਤੇ ਸੀਆਈਏ ਸਟਾਫ ਪਹੁੰਚ ਗਏ।
ਉਨ੍ਹਾਂ ਕੋਲੋਂ ਡੀਆਈਜੀ ਪਟਿਆਲਾ ਰੇਂਜ ਬਲਕਾਰ ਸਿੰਘ ਸਿੱਧੂ, ਐਸਐਸਪੀ ਸੰਗਰੂਰ ਪ੍ਰਿਤਪਾਲ ਸਿੰਘ ਥਿੰਦ, ਐਸਪੀਡੀ ਸੰਗਰੂਰ ਜਸਕਿਰਨਜੀਤ ਸਿੰਘ ਤੇਜਾ ਤੇ ਸੀਆਈਏ ਸਟਾਫ ਸੰਗਰੂਰ ਦੇ ਇੰਚਾਰਜ ਵੱਲੋਂ ਪਿੱਛਗਿੱਛ ਕੀਤੀ ਗਈ। ਪੁਲਿਸ ਨੇ ਨਰੇਸ਼ ਯਾਦਵ ਤੇ ਇਸ ਮਾਮਲੇ ਦੇ ਮੁੱਖ ਮੁਲਜ਼ਮਾਂ ਵਿਜੇ ਕੁਮਾਰ ਤੇ ਗੌਰਵ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ।
ਇਹ ਪੁੱਛਗਿਛ ਸ਼ਾਮ ਦੇ ਚਾਰ ਵਜੇ ਤੱਕ ਚੱਲਦੀ ਰਹੀ। ਪੰਜ ਘੰਟੇ ਦੀ ਲੰਮੀ ਪੁੱਛਗਿੱਛ ਤੋਂ ਬਾਅਦ ਨਰੇਸ਼ ਯਾਦਵ ਤੇ ਸੰਜੇ ਸਿੰਘ ਨੇ ਬਾਹਰ ਨਿਕਲ ਕੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਪੁਲਿਸ ਦਾ ਪੂਰਾ ਸਾਥ ਦਿੱਤਾ ਗਿਆ। ਨਰੇਸ਼ ਯਾਦਵ ਨੇ ਆਖਿਆ ਕਿ ਪੁਲਿਸ ਵੱਲੋਂ ਪੁੱਛੇ ਗਏ ਸਾਰੇ ਹੀ ਸਵਾਲਾਂ ਦਾ ਉਨ੍ਹਾਂ ਨੇ ਸਚਾਈ ਨਾਲ ਜਵਾਬ ਦਿੱਤਾ ਤੇ ਅਗਾਂਹ ਤੋਂ ਜਦੋਂ ਵੀ ਪੁਲਿਸ ਉਨ੍ਹਾਂ ਨੂੰ ਜਾਂਚ ਲਈ ਬੁਲਾਏਗੀ, ਉਹ ਪਹੁੰਚਣਗੇ।
ਸੰਗਰੂਰ ਦੇ ਐਸਐਸਪੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਨਰੇਸ਼ ਯਾਦਵ ਵੱਲੋਂ ਦਿੱਤਾ ਗਿਆ ਪਰ ਹਾਲੇ ਵੀ ਕੁਝ ਸਵਾਲ ਬਾਕੀ ਹਨ। ਇਸ ਲਈ ਨਰੇਸ਼ ਯਾਦਵ ਨੂੰ ਇੱਕ ਵਾਰ ਫਿਰ ਬੁਲਾਇਆ ਜਾਵੇਗਾ। ਉਨ੍ਹਾਂ ਮੁੱਖ ਮੁਲਜ਼ਮ ਵਿਜੇ ਕੁਮਾਰ ਦੇ ਲਾਈ ਡਿਟੈਕਟਿਵ ਟੈਸਟ ਬਾਰੇ ਬੋਲਦਿਆਂ ਦੱਸਿਆ ਕਿ 7 ਤਾਰੀਖ ਨੂੰ ਵਿਜੇ ਦਾ ਲਾਈ ਡਿਟੈਕਟਿਵ ਟੈਸਟ ਕਰਵਾਇਆ ਜਾਵੇਗਾ।