ਪਟਿਆਲਾ: ਕ੍ਰਿਕਟ ਦੇ ਕੌਮੀ ਪੱਧਰ ਦੇ ਦਲਿਤ ਖਿਡਾਰੀ ਅਭਿਸ਼ੇਕ ਵੈਦ ਦੀ ਲਾਸ਼ ਭਾਖੜਾ ਨਹਿਰ ਵਿੱਚੋਂ ਬਰਾਮਦ ਹੋਈ ਹੈ। 17 ਸਾਲਾ ਵਿਦਿਆਰਥੀ ਨੂੰ ਸਾਥੀਆਂ ਵੱਲੋਂ ਭਾਖੜਾ ਨਹਿਰ ਵਿੱਚ ਧੱਕਾ ਦੇ ਕੇ ਕਤਲ ਕੀਤੇ ਜਾਣ ਦਾ ਇਲਜ਼ਾਮ ਹੈ। ਅਭਿਸ਼ੇਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ 19 ਅਗਸਤ ਨੂੰ ਉਸ ਦੇ ਦੋਸਤ ਉਸ ਨੂੰ ਘਰੋਂ ਲੈ ਗਏ ਪਰ ਜਦੋਂ ਉਹ ਦੇਰ ਰਾਤ ਤੱਕ ਘਰ ਨਾ ਪੁੱਜਿਆ ਤਾਂ ਪਰਿਵਾਰਕ ਮੈਂਬਰਾਂ ਨੇ ਜਦੋਂ ਉਸ ਦੇ ਦੋਸਤਾਂ ਤੋਂ ਪੁੱਛਿਆ ਤਾਂ ਉਨ੍ਹਾਂ ਕੁਝ ਵੀ ਪਤਾ ਹੋਣ ਤੋਂ ਇਨਕਾਰ ਕੀਤਾ।

 

 

 

 

ਇਸ ਤੋਂ ਬਾਅਦ ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਦੋ ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਨਤੀਜਾ ਨਾ ਨਿਕਲਿਆ। ਜਦੋਂ ਸ਼ੱਕ ਦੇ ਆਧਾਰ 'ਤੇ ਇੱਕ ਦੋਸਤ ਤੋਂ ਪੁੱਛਿਆ ਗਿਆ ਤਾਂ ਪਤਾ ਲੱਗਿਆ ਅਭਿਸ਼ੇਕ ਦੇ ਦੋਸਤਾਂ ਨੇ ਹੀ ਉਸ ਨੂੰ ਨਹਿਰ ਵਿੱਚ ਧੱਕਾ ਮਾਰ ਦਿੱਤਾ ਸੀ। ਅਭਿਸ਼ੇਕ ਦੀ ਲਾਸ਼ ਅੱਜ ਖਨੌਰੀ ਤੋਂ ਬਰਾਮਦ ਹੋਈ ਹੈ।

 

 

 

 

 

ਅਭਿਸ਼ੇਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਏ ਹਨ ਕਿਉਂਕਿ ਅਭਿਸ਼ੇਕ ਨੂੰ ਧੱਕਾ ਮਾਰਨ ਵਾਲੇ ਬੱਚੇ ਰਸੂਖਦਾਰ ਪਰਿਵਾਰ ਨਾਲ ਸਬੰਧ ਰੱਖਦੇ ਹਨ। ਪੁਲਿਸ ਨੇ ਮੁਲਜ਼ਮ ਬੱਚਿਆਂ ਨੂੰ ਹਾਲੇ ਗ੍ਰਿਫਤਾਰ ਨਹੀਂ ਕੀਤਾ ਹੈ। ਉਨ੍ਹਾਂ ਬੱਸ ਸਟੈਂਡ ਦੇ ਬਾਹਰ ਜਾਮ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੀ ਵਜ੍ਹਾ ਕਰਕੇ ਤਕਰੀਬਨ ਦੋ ਘੰਟੇ ਆਵਾਜਾਈ ਠੱਪ ਰਹੀ। ਅਭਿਸ਼ੇਕ ਦੇ ਪਿਤਾ ਨੇ ਇਲਜ਼ਾਮ ਲਾਇਆ ਕਿ ਪੁਲਿਸ ਉਨ੍ਹਾਂ ਨੂੰ ਧਮਕਾ ਰਹੀ ਹੈ ਕਿ ਉਹ ਖੁਦ ਘਟਨਾ ਦੇ ਗਵਾਹ ਬਣ ਜਾਣ ਜਾਂ ਫਿਰ ਸਮਝੌਤਾ ਕਰ ਲੈਣ।