ਬਠਿੰਡਾ 'ਚ ਹਰਸਿਮਰਤ ਨੂੰ ਟੱਕਰੇਗੀ ਨਵਜੋਤ ਸਿੱਧੂ
ਏਬੀਪੀ ਸਾਂਝਾ | 30 Apr 2019 02:44 PM (IST)
ਨਵਜੋਤ ਸਿੱਧੂ ਚੰਡੀਗੜ੍ਹ ਤੋਂ ਲੋਕ ਸਭਾ ਟਿਕਟ ਦੀ ਚਾਹਵਾਨ ਸੀ ਪਰ ਪਾਰਟੀ ਨੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ 'ਤੇ ਯਕੀਨ ਜਤਾਇਆ।
ਅੰਮ੍ਰਿਤਸਰ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਬਠਿੰਡਾ ਵਿੱਚ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਕਰੇਗੀ। ਇਸ ਬਾਰੇ ਉਨ੍ਹਾਂ ਆਪਣਾ ਦੋ ਪ੍ਰੋਗਰਾਮ ਵੀ ਜਾਰੀ ਕਰ ਦਿੱਤਾ ਹੈ। ਨਵਜੋਤ ਸਿੱਧੂ ਇੱਕ ਤੇ ਦੋ ਮਈ ਨੂੰ ਬਠਿੰਡਾ ਪਹੁੰਚਣਗੇ। ਹਾਲਾਂਕਿ ਨਵਜੋਤ ਕੌਰ ਸਿੱਧੂ ਕਾਂਗਰਸ ਵੱਲੋਂ ਜਾਰੀ 40 ਮੈਂਬਰੀ ਸਟਾਰ ਪ੍ਰਚਾਰਕ ਪੈਨਲ ਵਿੱਚ ਤਾਂ ਨਹੀਂ ਹਨ, ਪਰ ਪੰਜਾਬ ਦੀ ਸਿਆਸਤ ਵਿੱਚ ਉਨ੍ਹਾਂ ਦਾ ਚੰਗਾ ਰਸੂਖ ਹੋਣ ਕਾਰਨ ਉਨ੍ਹਾਂ ਨੂੰ ਚੋਣ ਪ੍ਰਚਾਰ ਵਿੱਚ ਲਾਇਆ ਗਿਆ ਹੈ। ਨਵਜੋਤ ਸਿੱਧੂ ਚੰਡੀਗੜ੍ਹ ਤੋਂ ਲੋਕ ਸਭਾ ਟਿਕਟ ਦੀ ਚਾਹਵਾਨ ਸੀ ਪਰ ਪਾਰਟੀ ਨੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ 'ਤੇ ਯਕੀਨ ਜਤਾਇਆ। ਕਿਆਸਅਰਾਈਆਂ ਸਨ ਕਿ ਸਿੱਧੂ ਨੂੰ ਕਾਂਗਰਸ ਅਕਾਲੀ ਦਲ ਦੀ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ਉਨ੍ਹਾਂ ਤੇ ਉਨ੍ਹਾਂ ਦੇ ਪਤੀ ਨੇ ਇਸ ਤੋਂ ਸਿਰਫ ਅੰਮ੍ਰਿਤਸਰ ਤੇ ਚੰਡੀਗੜ੍ਹ ਤੋਂ ਇਲਾਵਾ ਕਿਤੋਂ ਹੋਰ ਚੋਣ ਨਾ ਲੜਨ ਦੀ ਗੱਲ ਕਹੀ ਸੀ। ਇਸ ਮਗਰੋਂ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਜੇਕਰ ਉਹ ਅੰਮ੍ਰਿਤਸਰ ਤੋ ਇਲਾਵਾ ਕਿਤੇ ਹੋਰ ਪ੍ਰਚਾਰ ਲਈ ਜਾਣਗੇ ਤਾਂ ਬਠਿੰਡਾ ਹੀ ਉਨ੍ਹਾਂ ਦੀ ਪਹਿਲੀ ਪਸੰਦ ਹੋਵੇਗੀ।