ਅੰਮ੍ਰਿਤਸਰ: ਹਾਲ ਹੀ ‘ਚ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰ ਦੇ ਸਵਾਲ ‘ਤੇ ਆਪਣਾ ਆਪਾ ਖੋਹ ਦਿੱਤਾ ਸੀ। ਇਸ ਦੌਰਾਨ ਉਹ ਪੱਤਰਕਾਰ ਨਾਲ ਲੜਾਈ ‘ਤੇ ਉੱਤਰ ਆਏ ਜਿਸ ਦੀ ਹਰ ਕਿਸੇ ਨੇ ਨਿੰਦਾ ਕੀਤੀ। ਇਸ ਦੇ ਨਾਲ ਹੀ ਸਿਆਸਤਦਾਨਾਂ ਨੇ ਵੀ ਮਾਨ ਦੇ ਇਸ ਵਤੀਰੇ ਦੀ ਨਿਖੇਧੀ ਕੀਤੀ ਸੀ।

ਇਸ ਮੁੱਦੇ ‘ਤੇ ਹੁਣ ਨਵਜੋਤ ਕੌਰ ਸਿੱਧੂ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਮੀਡੀਆ ਨਾਲ ਅਜਿਹਾ ਵਿਵਹਾਰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਤੁਸੀਂ ਕੁਝ ਗਲਤ ਕੀਤਾ ਹੀ ਨਹੀਂ ਤਾਂ ਤੁਹਾਨੂੰ ਮਿਰਚਾਂ ਵੀ ਨਹੀਂ ਲੱਗਣੀਆਂ ਚਾਹੀਦੀਆਂ।

ਇਸ ਤੋਂ ਇਲਾਵਾ ਸਿੱਧੂ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ ‘ਚ ਗੈਂਗਸਟਰ ਤਾਂ ਬਿਕਰਮ ਮਜੀਠੀਆ ਨੇ ਬਣਾਏ ਸੀ। ਸਿੱਧੂ ਇੱਥੇ ਹੀ ਨਹੀਂ ਰੁਕੀ ਉਨ੍ਹਾਂ ਹਾਲ ਹੀ ‘ਚ ਰਵਨੀਤ ਬਿੱਟੂ ਵੱਲੋਂ ਨਵਜੋਤ ਸਿੰਘ ਸਿੱਧੂ ਬਾਰੇ ਕੀਤੇ ਕੁਮੈਂਟ ਕਿ ਸਿੱਧੂ ਪਹਿਲੀ ਬਾਲ ‘ਤੇ ਹੀ ਛੱਕਾ ਮਾਰਨਾ ਚਾਹੁੰਦੇ ਸੀ ‘ਤੇ ਕਿਹਾ ਕਿ ਸਿੱਧੂ ਛੇ ਵਾਰ ਚੋਣਾਂ ਜਿੱਤੇ ਹਨ। ਹਰ ਕਿਸੇ ਦੀ ਆਪਣੀ ਰਾਏ ਹੁੰਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਪਰਿਵਾਰ ਨੇ ਕਦੇ ਕਿਸੇ ਤੋਂ ਕੁਝ ਨਹੀਂ ਮੰਗਿਆ। ਮੀਡੀਆ ਨਾਲ ਦੂਰੀ ਬਾਰੇ ਉਨ੍ਹਾਂ ਕਿਹਾ ਕਿ ਸਿੱਧੂ ਕੋਲ ਅਜੇ ਕੋਈ ਪ੍ਰੋਜੈਕਟ ਨਹੀਂ। ਇਸ ਲਈ ਉਹ ਮੀਡੀਆ ਨਾਲ ਗੱਲ ਨਹੀਂ ਕਰਦੇ ਪਰ ਜਦੋਂ ਕੁਝ ਹੋਵੇਗਾ ਤਾਂ ਉਹ ਜ਼ਰੂਰ ਮੀਡੀਆ ਨਾਲ ਗੱਲ ਕਰਨਗੇ।