ਚੰਡੀਗੜ੍ਹ: ਸ਼ਿਵਾਲਿਕ ਕਾਲਜ ਆਫ ਨਰਸਿੰਗ, ਨਯਾ ਨੰਗਲ ਵਿੱਚ ਚੱਲ ਰਹੀ ਭਰਤੀ ਪ੍ਰਕਿਰਿਆ ਸਬੰਧੀ ਮਿਲੀਆਂ ਕੁਝ ਸ਼ਿਕਾਇਤਾਂ 'ਤੇ ਤੁਰੰਤ ਕਾਰਵਾਈ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਭਰਤੀ ਪ੍ਰਕਿਰਿਆ 'ਤੇ ਤੁਰੰਤ ਰੋਕ ਲਾਉਂਦਿਆਂ ਸਾਰੇ ਮਾਮਲੇ ਦੀ ਜਾਂਚ ਮੁੱਖ ਵਿਜੀਲੈਂਸ ਅਧਿਕਾਰੀ ਨੂੰ ਸੌਂਪੀ ਹੈ। ਸਥਾਨਕ ਸਰਕਾਰਾਂ ਵਿਭਾਗ ਅਧੀਨ ਚੱਲਦੇ ਸ਼ਿਵਾਲਿਕ ਕਾਲਜ ਆਫ ਨਰਸਿੰਗ, ਨਯਾ ਨੰਗਲ ਵਿੱਚ ਭਰਤੀ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਟੈਸਟ ਲਿਆ ਗਿਆ ਸੀ। ਹਾਲ ਹੀ ਵਿੱਚ ਇਸ ਦਾ ਨਤੀਜਾ ਐਲਾਨਿਆ ਸੀ। ਇਸ ਨਤੀਜੇ ਦੇ ਆਧਾਰ 'ਤੇ ਹੀ ਇਹ ਭਰਤੀ ਕੀਤੀ ਜਾਣੀ ਸੀ।
ਸਿੱਧੂ ਨੇ ਕਿਹਾ ਕਿ ਉਨ੍ਹਾਂ ਕੋਲ ਕੁਝ ਵਿਦਿਆਰਥੀਆਂ ਦੇ ਮਾਪਿਆਂ, ਸਾਬਕਾ ਵਿਧਾਇਕਾਂ ਤੇ ਮੀਡੀਆ ਕਰਮੀਆਂ ਰਾਹੀਂ ਸ਼ਿਕਾਇਤਾਂ ਮਿਲੀਆਂ ਸੀ ਕਿ ਸ਼ਿਵਾਲਿਕ ਕਾਲਜ ਆਫ ਨਰਸਿੰਗ, ਨਯਾ ਨੰਗਲ ਵਿੱਚ ਚੱਲ ਰਹੀ ਭਰਤੀ, ਜਿਸ ਦਾ ਟੈਸਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਲਿਆ ਗਿਆ ਸੀ, ਵਿੱਚ ਬੇਨਿਯਮੀਆਂ ਦਾ ਦੋਸ਼ ਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ਨੂੰ ਦੇਖਦਿਆਂ ਉਨ੍ਹਾਂ ਵਿਭਾਗ ਨੂੰ ਚੱਲ ਰਹੀ ਭਰਤੀ ਪ੍ਰਕਿਰਿਆ ਤੁਰੰਤ ਰੋਕਣ ਦੇ ਆਦੇਸ਼ ਦਿੰਦਿਆਂ ਸਾਰੇ ਮਾਮਲੇ ਦੀ ਡੂੰਘਾਈ ਵਿੱਚ ਜਾਂਚ ਕਰਵਾਉਣ ਦਾ ਜ਼ਿੰਮਾ ਮੁੱਖ ਵਿਜੀਲੈਂਸ ਅਧਿਕਾਰੀ ਨੂੰ ਸੌਂਪਿਆ ਹੈ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਵਿਭਾਗ ਦੇ ਡਾਇਰੈਕਟਰ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸਿੱਧੂ ਨੇ ਕਿਹਾ ਕਿ ਉਹ ਪ੍ਰੈੱਸ ਦੇ ਜ਼ਰੀਏ ਸਾਰੇ ਉਮੀਦਵਾਰਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ ਤੇ ਉਮੀਦਵਾਰਾਂ ਨੂੰ ਪੂਰਨ ਇਨਸਾਫ ਮਿਲੇਗਾ। ਉਨ੍ਹਾਂ ਕਿਹਾ ਕਿ ਯੋਗਤਾ ਦੇ ਮੱਦੇਨਜ਼ਰ ਮੈਰਿਟ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ ਤੇ ਹਰੇਕ ਉਮੀਦਵਾਰ ਨਾਲ ਨਿਆਂ ਹੋਵੇਗਾ। ਉਨ੍ਹਾਂ ਕਿਹਾ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੁੰਦੀ, ਉਦੋਂ ਤੱਕ ਸਾਰੀ ਭਰਤੀ ਪ੍ਰਕਿਰਿਆ ਉਪਰ ਰੋਕ ਰਹੇਗੀ।