ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕਿਸਾਨਾਂ ਦੀ 'ਸ਼ਰਤੀਆ ਕਰਜ਼ ਮੁਆਫ਼ੀ' ਦੇ ਦੂਜੇ ਪੜਾਅ ਤਹਿਤ ਨਕੋਦਰ ਵਿੱਚ ਕਿਸਾਨਾਂ ਨੂੰ ਕਰਜ਼ਾ ਰਾਹਤ ਪ੍ਰਮਾਣ ਪੱਤਰ ਸੌਂਪ ਰਹੇ ਹਨ। ਇਸ ਮੌਕੇ ਉਨ੍ਹਾਂ ਆਪਣੀ ਤਕਰੀਰ ਵਿੱਚ ਖ਼ੁਦ ਨੂੰ ਕਿਸਾਨ ਹਿਤੈਸ਼ੀ ਦਰਸਾਉਣ ਲਈ ਜੀਅ ਤੋੜ ਮਿਹਨਤ ਕੀਤੀ। ਕੈਪਟਨ ਨੇ ਕਿਹਾ ਕਿ ਉਹ ਮੋਟਰਾਂ 'ਤੇ ਮੀਟਰ ਲਾਉਣਗੇ ਪਰ ਕਿਸਾਨਾਂ ਤੋਂ ਇਸ ਦਾ ਬਿੱਲ ਨਹੀਂ ਵਸੂਲਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਖੇਤੀ ਨੀਤੀ ਚਾਰ ਦਿਨ ਬਾਅਦ ਵਿਧਾਨ ਸਭਾ ਵਿੱਚ ਵੀ ਰੱਖਣਗੇ। ਕੈਪਟਨ ਨੇ ਐਲਾਨ ਕੀਤਾ ਕਿ ਪੰਜਾਬ ਦੇ ਸਤਾਰਾਂ ਲੱਖ ਵਿੱਚੋਂ ਸਵਾ ਦਸ ਲੱਖ ਕਿਸਾਨਾਂ ਨੂੰ ਦੋ-ਦੋ ਲੱਖ ਰੁਪਏ ਦੇ ਰਹੇ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਕਰਜ਼ ਮੁਆਫ਼ੀ ਦੀ ਅਗਲੀ ਕਿਸ਼ਤ ਮਾਝੇ ਵਿੱਚ ਅਦਾ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸਿਰਫ਼ ਬਿਜਲੀ ਤੇ ਪਾਣੀ ਦੀ ਖਪਤ ਦੇਖਣਾ ਚਾਹੁੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸਮਝਾਉਂਦਿਆਂ ਕਿਹਾ ਕਿ ਸੂਬੇ ਦੇ ਸਾਢੇ ਤੇਰਾਂ ਲੱਖ ਟਿਊਬਵੈੱਲ ਵਿੱਚੋਂ ਸਿਰਫ 900 'ਤੇ ਅਜ਼ਮਾਇਸ਼ ਵਜੋਂ ਮੀਟਰ ਲਾਇਆ ਜਾਵੇਗਾ। ਸਰਕਾਰ ਉਨ੍ਹਾਂ ਕਿਸਾਨਾਂ ਨੂੰ ਦਸ ਹਜ਼ਾਰ ਰੁਪਏ ਦੇਵੇਗੀ, ਜੇਕਰ ਮੀਟਰ ਵਿੱਚ ਬਿੱਲ ਸੱਤ ਹਜ਼ਾਰ ਆਉਂਦਾ ਹੈ ਤਾਂ ਬਾਕੀ ਪੈਸੇ ਕਿਸਾਨ ਦੀ ਬੱਚਤ ਹੋਵੇਗੀ।
ਪਿਛਲੀ ਵਾਰ ਜਦ ਮੁੱਖ ਮੰਤਰੀ ਹੈਲੀਕਾਪਟਰ ਰਾਹੀਂ ਜਲੰਧਰ ਜ਼ਿਲ੍ਹੇ ਵਿੱਚ ਆਏ ਸਨ, ਉਦੋਂ ਨਾਜਾਇਜ਼ ਮਾਈਨਿੰਗ ਵੇਖ ਕੇ ਆਏ ਸੀ ਤੇ ਅੱਜ ਉਹ ਸਤਲੁਜ ਦਾ ਘਟਦਾ ਪਾਣੀ ਵੇਖ ਆਏ ਹਨ। ਕੈਪਟਨ ਨੇ ਕਿਹਾ, "ਉਹ ਪਾਣੀ ਬਚਾਉਣਾ ਚਾਹੁੰਦੇ ਹਨ, ਮੈਂ ਸਤਲੁਜ ਵੇਖਿਆ, ਪਾਣੀ ਬਹੁਤ ਹੇਠਾਂ ਚਲਾ ਗਿਆ ਹੈ।" ਉਦੋਂ ਨਾਜਾਇਜ਼ ਤੇ ਜਾਇਜ਼ ਮਾਈਨਿੰਗ ਵਾਲਿਆਂ ਦੀ ਸ਼ਾਮਤ ਆ ਗਈ ਸੀ, ਇਸ ਵਾਰ ਕੈਪਟਨ ਦੇ ਗੁੱਸੇ ਦਾ ਸ਼ਿਕਾਰ ਕੌਣ ਬਣਦਾ ਹੈ, ਇਸ ਸਮਾਂ ਹੀ ਦੱਸੇਗਾ।