ਸ਼ੰਕਰ ਦਾਸ ਦੀ ਰਿਪੋਰਟ



ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਹਾਰ ਤੋਂ ਬਾਅਦ ਵੀ ਜਾਰੀ ਹੈ। ਚੰਡੀਗੜ੍ਹ 'ਚ ਮਹਿੰਗਾਈ ਖਿਲਾਫ਼ ਪ੍ਰਦਰਸ਼ਨ ਦੌਰਾਨ ਨਵਜੋਤ ਸਿੱਧੂ ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਵਿਚਾਲੇ ਬਹਿਸ ਹੋ ਗਈ। ਸਿੱਧੂ ਨੇ ਕਿਹਾ ਕਾਂਗਰਸ ਕੁਝ ਚਿਹਰਿਆਂ ਕਾਰਨ ਹਾਰੀ ਪਰ ਮੈਂ ਉਨ੍ਹਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਤਾਂ ਅੱਗੋਂ ਢਿੱਲੋਂ ਨੇ ਕਿਹਾ ਤੁਸੀਂ ਨਾਮ ਲਵੋ, ਉਹ ਲੋਕ ਕੌਣ ਹਨ ?

ਦਰਅਸਲ ਨਵਜੋਤ ਸਿੱਧੂ ਆਪਣਾ ਭਾਸ਼ਣ ਦੇ ਰਹੇ ਸਨ ਤਾਂ ਉਨ੍ਹਾਂ ਨੇ ਕਿਹਾ ਕਿ ਲੋਕ ਮੈਨੂੰ ਵੀ ਗਾਲ੍ਹਾਂ ਕੱਢਦੇ ਹਨ ਪਰ ਮੈਂ ਉਨ੍ਹਾਂ ਲੋਕਾਂ ਖਿਲਾਫ ਕੁਝ ਨਹੀਂ ਬੋਲਿਆ, ਜਿਨ੍ਹਾਂ ਨੇ ਕਾਂਗਰਸ ਖਿਲਾਫ਼ ਕੰਮ ਕੀਤਾ, ਮੈਂ ਅੱਜ ਉਨ੍ਹਾਂ ਦਾ ਨਾਮ ਨਹੀਂ ਲਵਾਂਗਾ। ਜਿਵੇਂ ਹੀ ਨਵਜੋਤ ਸਿੱਧੂ ਨੇ ਇਹ ਗੱਲ ਕਹੀ ਤਾਂ ਤੁਰੰਤ ਹੀ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਨਵਜੋਤ ਸਿੱਧੂ ਉਨ੍ਹਾਂ ਲੋਕਾਂ ਦਾ ਨਾਂ ਲੈ ਲਵੇ।

ਨਵਜੋਤ ਸਿੱਧੂ ਉਨ੍ਹਾਂ ਲੋਕਾਂ ਦਾ ਨਾਂ ਕਿਉਂ ਨਹੀਂ ਲੈ ਰਹੇ, ਬੱਸ ਇਸ ਗੱਲ ਨੂੰ ਲੈ ਕੇ ਆਪਸ 'ਚ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਨਵਜੋਤ ਸਿੱਧੂ ਬੇਰੀਗੇਟ ਵੱਲ ਚਲੇ ਗਏ ਪਰ ਸਿੱਧੂ ਨਾਲ ਕੋਈ ਵੱਡਾ ਨੇਤਾ ਨਜ਼ਰ ਨਹੀਂ ਆਇਆ। ਸਿੱਧੂ ਦੋ-ਤਿੰਨ ਲੀਡਰਾਂ ਨਾਲ ਪੰਜ ਮਿੰਟ ਧਰਨੇ 'ਤੇ ਬੈਠੇ ਰਹੇ, ਫਿਰ ਕਾਂਗਰਸ ਦਾ ਪ੍ਰਦਰਸ਼ਨ ਖਤਮ ਹੋ ਗਿਆ ਤੇ ਵਿਵਾਦ ਇੱਕ ਕਦਮ ਅੱਗੇ ਵਧ ਗਿਆ।

ਇਸ ਦੇ ਨਾਲ ਹੀ ਬਰਿੰਦਰਾ ਢਿੱਲੋਂ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਉਨ੍ਹਾਂ ਲੋਕਾਂ ਦਾ ਨਾਂ ਲੈਣਾ ਚਾਹੀਦਾ ਸੀ, ਜਿਨ੍ਹਾਂ ਦਾ ਉਹ ਜ਼ਿਕਰ ਕਰਦੇ ਹਨ। ਨਵਜੋਤ ਸਿੱਧੂ ਉਨ੍ਹਾਂ ਲੋਕਾਂ ਦੇ ਨਾਂ ਕਿਉਂ ਨਹੀਂ ਲੈ ਰਹੇ। ਉੱਥੇ ਹੀ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਪਰਿਵਾਰਕ ਮਾਮਲਾ ਹੈ, ਸਾਰੇ ਕਾਂਗਰਸੀ ਇੱਕ ਹਨ ਪਰ ਅੱਜ ਜੋ ਹੋਇਆ ਉਹ ਗਲਤ ਹੈ ਤੇ ਕਾਂਗਰਸ ਨੂੰ ਆਪਸ ਵਿੱਚ ਧੜੇਬੰਦੀ ਨਹੀਂ ਰੱਖਣੀ ਚਾਹੀਦੀ।

ਦੱਸ ਦੇਈਏ ਕਿ ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ 'ਚ ਮਹਿੰਗਾਈ ਖਿਲਾਫ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ 'ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਤੋਂ ਇਲਾਵਾ ਐਮਐਲਏ ਮੌਜੂਦਾ ਸਨ।

ਦੂਜੇ ਪਾਸੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸਾਬਕਾ ਸੀਐਮ ਚਰਨਜੀਤ ਚੰਨੀ ਨੇ ਵੀ ਕਿਹਾ ਕਿ ਸੁਨੀਲ ਜਾਖੜ ਸ਼ੁਰੂ ਤੋਂ ਹੀ ਉਨ੍ਹਾਂ ਦੇ ਖਿਲਾਫ ਬੋਲਦੇ ਹਨ, ਦਲਿਤ ਭਾਈਚਾਰੇ ਦਾ ਅਪਮਾਨ ਕਰਦੇ ਹਨ। ਚੋਣ ਨਤੀਜਿਆਂ ਤੋਂ ਬਾਅਦ ਜਾਖੜ ਚੰਨੀ 'ਤੇ ਗੁੱਸਾ ਕੱਢ ਰਹੇ ਹਨ।

ਜਾਖੜ ਦਾ ਮੰਨਣਾ ਹੈ ਕਿ ਪੰਜਾਬ 'ਚ ਕਾਂਗਰਸ ਦੀ ਹਾਰ ਇਕ ਦਾਗੀ ਨੇਤਾ ਨੂੰ ਮੁੱਖ ਮੰਤਰੀ ਬਣਾਉਣ ਕਾਰਨ ਹੋਈ ਹੈ। ਹਾਲਾਂਕਿ ਚੋਣਾਂ ਤੋਂ ਪਹਿਲਾਂ ਜਾਖੜ ਨੇ ਹਮੇਸ਼ਾ ਹੀ ਸਿੱਧੂ ਦੀ ਬਜਾਏ ਚੰਨੀ ਨੂੰ ਚਿਹਰਾ ਦੇਣ ਦੀ ਵਕਾਲਤ ਕੀਤੀ ਸੀ ਅਤੇ ਜਾਖੜ ਉਸ ਮੀਟਿੰਗ ਦੀ ਸਟੇਜ 'ਤੇ ਵੀ ਮੌਜੂਦ ਸਨ, ਜਿਸ 'ਚ ਰਾਹੁਲ ਨੇ ਚੰਨੀ ਨੂੰ ਸੀਐਮ ਦਾ ਉਮੀਦਵਾਰ ਬਣਾਇਆ ਸੀ।