ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਉੱਚ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਵਿੱਚ ਆਪਣਾ ਗੈਂਗਸਟਰਾਂ 'ਤੇ ਸ਼ਿਕੰਜਾ ਕੱਸਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਾਂ ਨੂੰ ਖ਼ਤਮ ਕਰਨਾ ਸਰਕਾਰ ਦੀ ਤਰਜੀਹ ਹੈ ਪਰ ਪੰਜਾਬ ਪੁਲਿਸ ਲਈ ਇਹ ਇੰਨਾ ਸੌਖਾ ਨਹੀਂ ਹੈ।



ਹਾਸਲ ਜਾਣਕਾਰੀ ਮੁਤਾਬਕ ਸੂਬੇ ਵਿੱਚ ਦਰਜਨ ਦੇ ਕਰੀਬ ਅਜਿਹੇ ਖ਼ੌਫ਼ਨਾਕ ਗੈਂਗਸਟਰਾਂ ਦੇ ਗੈਂਗ ਸਰਗਰਮ ਹਨ, ਜਿਨ੍ਹਾਂ ਦਾ ਦਿੱਲੀ, ਰਾਜਸਥਾਨ ਤੇ ਇੱਥੋਂ ਤੱਕ ਕਿ ਯੂਪੀ ਵਿੱਚ ਵੀ ਦਬਦਬਾ ਹੈ। ਇੰਨਾ ਹੀ ਨਹੀਂ ਇਨ੍ਹਾਂ ਰਾਜਾਂ ਦੇ ਗੈਂਗਸਟਰਾਂ ਨੇ ਆਪਸ 'ਚ ਕਾਫੀ ਤਾਲਮੇਲ ਬਣਾ ਰੱਖਿਆ ਹੈ, ਵਾਰਦਾਤ ਕਰਨ ਮਗਰੋਂ ਬਾਹਰਲੇ ਸੂਬਿਆਂ ਦੇ ਗੈਂਗਸਟਰਾਂ ਦੀ ਮਦਦ ਲੈਂਦੇ ਹਨ। ਉਂਝ ਪੰਜਾਬ ਪੁਲਿਸ ਨੇ ਪਹਿਲਾਂ ਵੀ ਐਨਕਾਊਂਟਰ ਵਿੱਚ ਕਈ ਖਤਰਨਾਕ ਗੈਂਗਸਟਰਾਂ ਨੂੰ ਖਤਮ ਕੀਤਾ ਹੈ। ਇਸ ਵਿੱਚ ਪ੍ਰੇਮਾ ਲਾਹੌਰੀਆ, ਵਿੱਕੀ ਗੌਂਡਰ, ਰੂਬੀ ਤਲਵਾਨ, ਦਵਿੰਦਰ ਬੰਬੀਹਾ, ਜੈਪਾਲ ਭੁੱਲਰ ਤੇ ਜੱਸੀ ਦਾ ਕੋਲਕਾਤਾ ਵਿੱਚ ਐਨਕਾਊਂਟਰ ਹੋ ਚੁੱਕਾ ਹੈ।

ਪੰਜਾਬ ਵਿੱਚ ਗੈਂਗਸਟਰਾਂ ਦੇ 12 ਖੌਫਨਾਕ ਗਰੋਹ ਸਰਗਰਮ ਹਨ। ਉਨ੍ਹਾਂ ਦਾ ਯੂਪੀ ਤੇ ਰਾਜਸਥਾਨ ਤੱਕ ਮਜ਼ਬੂਤ ਨੈੱਟਵਰਕ ਹੈ। ਇਨ੍ਹਾਂ ਗੈਂਗਾਂ ਵਿੱਚ ਇੱਕ ਹਜ਼ਾਰ ਤੋਂ ਵੱਧ ਬਦਮਾਸ਼ ਸ਼ਾਮਲ ਹਨ। ਉਹ ਜ਼ਬਰਦਸਤੀ ਤੇ ਹਥਿਆਰਾਂ ਦੀ ਤਸਕਰੀ ਦੇ ਕੰਮ ਕਰਦੇ ਹਨ।

ਪ੍ਰੇਮਾ ਲਾਹੌਰੀਆ, ਸੁੱਖਾ ਕਾਹਲਵਾਂ, ਵਿੱਕੀ ਗੌਂਡਰ, ਜੈਪਾਲ ਭੁੱਲਰ, ਰੌਕੀ ਵਰਗੇ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਤੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਤੋਂ ਬਾਅਦ ਪੰਜਾਬ ਵਿੱਚ ਗੈਂਗਸਟਰਾਂ ਦੀ ਗਿਣਤੀ ਘਟਣ ਦੀ ਬਜਾਏ ਵਾਧਾ ਹੋਇਆ ਹੈ। ਇਸ ਵੇਲੇ ਇਨ੍ਹਾਂ ਦੇ ਗਰੋਹ ਸਰਗਰਮ ਹਨ ਤੇ ਪੰਜਾਬ ਵਿੱਚ ਡਰ ਪੈਦਾ ਕਰ ਰਹੇ ਹਨ।

ਕੇਸਰ ਮੱਲੀ ਤੇ ਬਚਿੱਤਰ ਦਾ ਗਰੋਹ ਨੰਗਲ ਤੋਂ ਮੁਹਾਲੀ ਤੱਕ ਸਰਗਰਮ ਹੈ। ਕੇਸਰ ਮੱਲੀ ਗੈਂਗ ਵਿੱਚ 25 ਤੇ ਬਚਿਤਰਾ ਗੈਂਗ ਵਿੱਚ 30 ਦੇ ਕਰੀਬ ਨੌਜਵਾਨ ਹਨ। ਇਹ ਦੋਵੇਂ ਗੈਂਗ ਅਕਸਰ ਇੱਕ ਦੂਜੇ ਦੇ ਮੈਂਬਰਾਂ 'ਤੇ ਹਮਲੇ ਕਰਦੇ ਹਨ। ਮੱਲੀ ਗੈਂਗ ਦਾ ਸਬੰਧ ਵਿੱਕੀ ਗੌਂਡਰ ਨਾਲ ਸੀ। ਪੁਲਿਸ ਫਾਈਲ ਅਨੁਸਾਰ ਜੱਸੀ ਕਲਮਾ, ਦਿਲਪ੍ਰੀਤ ਢਾਹਾ, ਮਨੀ ਬੰਸਾਲੀ, ਸੁੱਖਾ ਆਜ਼ਮਪੁਰੀਆ ਤੇ ਰਾਣਾ ਸਮਾਣਾ ਇਸ ਦੇ ਸ਼ਾਰਪ ਸ਼ੂਟਰ ਹਨ।

ਲਾਰੈਂਸ ਬਿਸ਼ਨੋਈ ਦਾ ਗੈਂਗ ਇਸ ਸਮੇਂ ਦਹਿਸ਼ਤ ਦਾ ਸਮਾਨਾਰਥੀ ਹੈ। ਇਸ ਗਰੋਹ ਵਿੱਚ 600 ਬਦਨਾਮ ਸ਼ਾਰਪ ਸ਼ੂਟਰ ਸ਼ਾਮਲ ਹਨ। ਇਹ ਗੈਂਗਸਟਰ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਐਨਸੀਆਰ ਵਿੱਚ ਸਿਰਦਰਦੀ ਬਣਿਆ ਹੋਇਆ ਹੈ। ਰਾਜਸਥਾਨ ਦੀ ਅਜਮੇਰ ਜੇਲ 'ਚ ਬੰਦ ਹੋਣ ਦੇ ਬਾਵਜੂਦ ਬਾਲੀਵੁੱਡ ਸਟਾਰ ਸਲਮਾਨ ਖਾਨ ਤੇ ਪੰਜਾਬ ਦੇ ਚਾਰ ਵੱਡੇ ਗਾਇਕ ਲਾਰੇਂਸ ਦੇ ਨਿਸ਼ਾਨੇ 'ਤੇ ਹਨ।

ਇੱਕ ਵਾਰ ਫਿਲਮ 'ਰੇਡੀ' ਦੀ ਸ਼ੂਟਿੰਗ ਦੌਰਾਨ ਲਾਰੈਂਸ ਨੇ ਆਪਣੇ ਗੁੰਡਿਆਂ ਰਾਹੀਂ ਸਲਮਾਨ ਖਾਨ 'ਤੇ ਹਮਲੇ ਦੀ ਯੋਜਨਾ ਬਣਾਈ ਸੀ। ਲਾਰੈਂਸ ਦਾ ਸਭ ਤੋਂ ਮਹੱਤਵਪੂਰਨ ਮੋਹਰਾ ਤੇ ਗੈਂਗਸਟਰ ਕਾਲਾ ਜਠੇੜੀ ਦਾ ਸਲਾਹਕਾਰ ਨਰੇਸ਼ ਸ਼ੈਟੀ ਉਹ ਵਿਅਕਤੀ ਹੈ ਜਿਸ ਨੂੰ ਸਲਮਾਨ ਖਾਨ ਨੂੰ ਮਾਰਨ ਦੀ ਯੋਜਨਾ ਸੌਂਪੀ ਗਈ ਸੀ। ਲਾਰੈਂਸ ਖਿਲਾਫ ਕਰੀਬ 50 ਅਪਰਾਧਿਕ ਮਾਮਲੇ ਦਰਜ ਹਨ। ਲਾਰੈਂਸ ਤੇ ਜੱਗੂ ਭਗਵਾਨਪੁਰੀਆ ਨੇ ਪੰਜਾਬ ਵਿੱਚ ਹੱਥ ਮਿਲਾਏ ਹਨ ਤੇ ਦਵਿੰਦਰ ਬੰਬੀਹਾ ਧੜੇ ਨਾਲ ਉਨ੍ਹਾਂ ਦੀ ਅਕਸਰ ਗੈਂਗ ਵਾਰ ਹੁੰਦੀ ਰਹਿੰਦੀ ਹੈ।

ਬੰਬੀਹਾ ਗੈਂਗ ਦੇ ਮੁਖੀ ਦਵਿੰਦਰ ਬੰਬੀਹਾ ਨੂੰ 9 ਸਤੰਬਰ 2016 ਨੂੰ ਬਠਿੰਡਾ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਇਸ ਤੋਂ ਬਾਅਦ ਗੈਂਗ ਦੀ ਕਾਰਵਾਈ ਸੁਖਪ੍ਰੀਤ ਬੁੱਢਾ ਦੇ ਹੱਥ ਆ ਗਈ। ਬੁੱਢਾ ਨੇ 17 ਜੂਨ 2018 ਨੂੰ ਬਠਿੰਡਾ ਦੇ ਇੱਕ ਵਪਾਰੀ ਦਾ ਕਤਲ ਕਰ ਦਿੱਤਾ ਸੀ ਕਿਉਂਕਿ ਉਸ ਨੇ ਦਵਿੰਦਰ ਬੰਬੀਹਾ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਸੀ। ਬੰਬੀਹਾ ਗਿਰੋਹ ਦੇ ਮੈਂਬਰਾਂ ਖ਼ਿਲਾਫ਼ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਵਿੱਚ 40 ਤੋਂ ਵੱਧ ਕੇਸ ਦਰਜ ਹਨ।

ਪਿੰਡ ਨਰੂਆਣਾ ਦਾ ਕੁਲਬੀਰ ਨਰੂਆਣਾ ਕਦੇ ਬੰਬੀਹਾ ਗਰੋਹ ਦਾ ਮੈਂਬਰ ਸੀ। ਬੰਬੀਹਾ ਦੀ ਮੌਤ ਤੋਂ ਬਾਅਦ ਉਸ ਨੇ ਆਪਣੇ ਨਾਂ 'ਤੇ ਗੈਂਗ ਬਣਾ ਲਿਆ। ਬਾਅਦ ਵਿੱਚ ਉਹ ਰੌਕੀ ਗੈਂਗ ਵਿੱਚ ਸ਼ਾਮਲ ਹੋ ਗਿਆ ਤੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਨਰੂਆਣਾ ਨੇ ਜੇਲ 'ਚ ਬੰਦ ਮੰਡੀਕਲਾਂ ਦੇ ਗੈਂਗਸਟਰ ਗੁਰਦੀਪ ਸਿੰਘ 'ਤੇ ਗੋਲੀ ਚਲਾਈ ਸੀ। ਨਰੂਆਣਾ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਈ ਕੇਸ ਦਰਜ ਹਨ। ਉਸ ਦੇ ਗਰੋਹ ਵਿੱਚ 200 ਤੋਂ ਵੱਧ ਨੌਜਵਾਨ ਹਨ।

ਰੰਮੀ ਮਚਾਨਾ ਕਦੇ ਸ਼ੇਰਾ ਖੁੱਬਣ ਗੈਂਗ ਦਾ ਮੈਂਬਰ ਸੀ ਪਰ ਬਾਅਦ ਵਿੱਚ ਉਸਨੇ ਆਪਣਾ ਗੈਂਗ ਬਣਾ ਲਿਆ। ਰੰਮੀ ਮਚਾਨਾ ਖ਼ਿਲਾਫ਼ ਪੰਜ ਤੋਂ ਵੱਧ ਕਤਲ ਦੇ ਕੇਸ ਦਰਜ ਹਨ ਅਤੇ ਰਾਜਸਥਾਨ ਦੇ ਕਈ ਵੱਡੇ ਸ਼ਹਿਰਾਂ ਵਿੱਚ ਡਕੈਤੀ ਦੇ ਕੇਸ ਦਰਜ ਹਨ। ਅੰਮ੍ਰਿਤਪਾਲ ਸਿੰਘ ਭਾਟੀ ਨਾਭਾ ਜੇਲ੍ਹ ਵਿੱਚ ਬੰਦ ਹੈ। ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਕੇਸ ਦਰਜ ਹਨ। ਭਾਟੀ ਨੇ ਕਰੀਬ ਚਾਰ ਸਾਲ ਪਹਿਲਾਂ ਭੁੱਚੋ ਮੰਡੀ ਨੇੜੇ ਮੱਛਰ ਗਿਰੋਹ ਦੇ ਸਰਗਨਾ ਪ੍ਰਦੀਪ ਕੁਮਾਰ ਉਰਫ ਮੱਛਰ ਨੂੰ ਸਾਥੀਆਂ ਸਮੇਤ ਗੋਲੀ ਮਾਰ ਕੇ ਮਾਰ ਦਿੱਤਾ ਸੀ।