Navjot Sidhu: ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੱਧੂ ਆਪਣੀ ਹੀ ਪਾਰਟੀ ਦੇ ਲੀਡਰਾਂ ਨੂੰ ਖੁੱਲ੍ਹ ਕੇ ਰਗੜੇ ਲਾਉਣ ਲੱਗੇ ਹਨ। ਨਵਜੋਤ ਸਿੱਧੂ ਨੇ ਵੰਗਾਰਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਰੈਲੀ ਵਿੱਚ 15 ਹਜ਼ਾਰ ਦੀ ਭੀੜ ਇਕੱਠੀ ਹੁੰਦੀ ਹੈ ਤਾਂ ਕਿਸੇ ਦੇ ਪੇਟ ਵਿੱਚ ਦਰਦ ਕਿਉਂ ਹੁੰਦਾ ਹੈ।


ਨਵਜੋਤ ਸਿੱਧੂ ਨੇ ਉਨ੍ਹਾਂ ਦੀ ਰੈਲੀ ਕਰਾਉਣ ਵਾਲੇ ਮੋਗਾ ਦੇ ਦੋ ਆਗੂਆਂ ਨੂੰ ਮੁਅੱਤਲ ਕਰਨ 'ਤੇ ਕਿਹਾ ਕਿ ਮੈਂ ਉਨ੍ਹਾਂ ਦੇ ਨਾਲ ਖੜ੍ਹਾ ਹਾਂ। ਇਸ ਸਬੰਧੀ ਹਾਈਕਮਾਂਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੈਂ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿਆਂਗਾ। ਨਿਯਮ ਸਾਰਿਆਂ ਲਈ ਇੱਕੋ ਜਿਹੇ ਹਨ। ਨਵਜੋਤ ਸਿੱਧੂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਇੰਟਰਵਿਊ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਖੁੱਲ੍ਹ ਕੇ ਬੋਲੇ ਹਨ।


ਦੱਸ ਦਈਏ ਕਿ ਸਿੱਧੂ ਨੇ 21 ਜਨਵਰੀ ਨੂੰ ਮੋਗਾ ਵਿੱਚ ਰੈਲੀ ਕੀਤੀ ਸੀ। ਇਸ ਤੋਂ ਬਾਅਦ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਾਈਵੇਟ ਪੈਲੇਸ ਵਿੱਚ ਰੈਲੀ ਕਰਨ ਵਾਲੇ ਆਗੂਆਂ ਮਹੇਸ਼ਇੰਦਰ ਸਿੰਘ ਨਿਹਾਲਵਾਲਾ ਤੇ ਧਰਮਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ। ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਤੇ ਕਾਂਗਰਸੀ ਲੀਡਰ ਮਾਲਵਿਕਾ ਸੂਦ ਨੇ ਇਸ ਰੈਲੀ ਖਿਲਾਫ ਹਾਈਕਮਾਂਡ ਨੂੰ ਸ਼ਿਕਾਇਤ ਦਿੱਤੀ ਸੀ।


ਨਵਜੋਤ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਦੀ ਸਰਕਾਰ ਉਦੋਂ ਹੀ ਬਣੇਗੀ ਜਦੋਂ ਕਾਂਗਰਸ ਨੂੰ 60 ਸੀਟਾਂ ਮਿਲਣਗੀਆਂ। ਇਹ ਸੀਟਾਂ ਲੋਕਾਂ ਵਿੱਚ ਜਾ ਕੇ ਹੀ ਮਿਲਣਗੀਆਂ। ਮੇਰੀਆਂ ਰੈਲੀਆਂ ਕਾਂਗਰਸ ਖਿਲਾਫ ਨਹੀਂ ਹੋ ਰਹੀਆਂ। ਇਨ੍ਹਾਂ ਪ੍ਰੋਗਰਾਮਾਂ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਖਿਲਾਫ ਆਵਾਜ਼ ਉਠਾਈ ਜਾ ਰਹੀ ਹੈ।


ਉਨ੍ਹਾਂ ਨੇ ਕਿਹਾ ਕਿ ਰੈਲੀ ਦਾ ਪ੍ਰਬੰਧ ਕਰਨ ਵਾਲੇ ਵਾਲੇ ਮੇਰੇ ਆਦਮੀ ਸਨ। ਮੈਂ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹਾਂ। ਇਸ ਦੇ ਨਾਲ ਹੀ ਉਹ ਤੁਹਾਡੇ ਤੋਂ ਕੋਈ ਪੋਸਟ ਨਹੀਂ ਮੰਗ ਰਹੇ। ਸਿੱਧੂ ਨੇ ਕਿਹਾ ਕਿ ਉਹ ਸਾਰਿਆਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਨ। ਹਲਕਾ ਇੰਚਾਰਜ ਨੂੰ ਦੱਸੇ ਬਿਨਾਂ ਰੈਲੀ ਵਿੱਚ ਸ਼ਾਮਲ ਹੋਣ ਵਾਲਿਆਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰਦੇ?


ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਕਾਂਗਰਸ ਪਾਰਟੀ ਦਾ ਮੁਖੀ ਸੀ ਤਾਂ ਮੈਂ ਇੱਕ ਵੀ ਆਗੂ ਨੂੰ ਪਾਰਟੀ ਵਿੱਚੋਂ ਨਹੀਂ ਕੱਢਿਆ। ਜੇਕਰ ਤੁਸੀਂ ਕਿਸੇ ਨੂੰ ਪਾਰਟੀ 'ਚੋਂ ਕੱਢਦੇ ਹੋ ਤਾਂ ਉਹੀ ਮਾਪਦੰਡ ਤੁਹਾਡੇ ਆਪਣੇ 'ਤੇ ਵੀ ਲਾਗੂ ਹੁੰਦੇ ਹਨ।