ਅੰਮ੍ਰਿਤਸਰ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਾਅਵਿਆਂ ਦਾ ਮਜ਼ਾਕ ਉਡਾਇਆ ਹੈ। ਸਿੱਧੂ ਨੇ ਕਿਹਾ ਕਿ ਬਾਦਲ ਕਿਤੇ ਪ੍ਰਧਾਨ ਮੰਤਰੀ ਕੋਲ ਨਹੀਂ ਚਲੇ ਗਏ ਕਿ ਇੰਡੋਨੇਸ਼ੀਆ ਵਿੱਚ ਜੋ ਜ਼ਹਾਜ਼ ਡੁੱਬਿਆ, ਉਸ ਲਈ ਨਵਜੋਤ ਸਿੱਧੂ ਜ਼ਿੰਮੇਵਾਰ ਹਨ।


ਅੰਮ੍ਰਿਤਸਰ ਰੇਲ ਹਾਦਸੇ ਵਿੱਚ ਅਕਾਲੀ ਦਲ ਸਿੱਧੂ ਨੂੰ ਘੇਰ ਰਿਹਾ ਹੈ। ਦੂਜੇ ਪਾਸੇ ਹਾਈਕੋਰਟ ਵਿੱਚੋਂ ਕਲੀਨ ਚਿੱਟ ਮਿਲਣ ਮਗਰੋਂ ਸਿੱਧੂ ਵਿਰੋਧੀਆਂ ਦੁਆਲੇ ਹੋ ਗਏ ਹਨ। ਇਸ ਦੇ ਨਾਲ ਹੀ ਸਿੱਧੂ ਪੀੜਤਾਂ ਦੀ ਮਾਲੀ ਸਹਾਇਤਾ ਕਰਕੇ ਵਿਰੋਧੀਆਂ ਨੂੰ ਵੰਗਾਰ ਰਹੇ ਹਨ ਕਿ ਉਹ ਬਿਆਨਬਾਜ਼ੀ ਦੀ ਬਜਾਏ ਲੋੜਵੰਦਾਂ ਦੀ ਮਦਦ ਕਿਉਂ ਨਹੀਂ ਕਰ ਰਹੇ।

ਸਿੱਧੂ ਨੇ ਅੱਜ ਕਿਹਾ ਕਿ ਜਿੰਨਾ ਚਿਰ ਤੱਕ ਉਹ ਜਿਊਂਦੇ ਹਨ, ਇਨ੍ਹਾਂ ਪਰਿਵਾਰਾਂ ਨੂੰ ਇਹ ਮਾਲੀ ਰਾਸ਼ੀ ਮਿਲਦੀ ਰਹੇਗੀ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦਾ ਬੇਟਾ ਇਸ ਫਰਜ਼ ਨੂੰ ਨਿਭਾਉਂਦਾ ਰਹੇਗਾ। ਸਿੱਧੂ ਨੇ ਪੰਜ ਪਰਿਵਾਰਾਂ ਨੂੰ ਅੱਠ ਅੱਠ ਹਜ਼ਾਰ ਰੁਪਏ ਦੇ ਚੈੱਕ ਵੰਡੇ ਜੋ ਸਿੱਧੂ ਪਰਿਵਾਰ ਹਰ ਮਹੀਨੇ ਇਨ੍ਹਾਂ ਪੀੜਤਾਂ ਨੂੰ ਦੇਵੇਗਾ।

ਸਿੱਧੂ ਨੇ ਕਿਹਾ ਕਿ ਇਹ ਮੇਰੀ ਅੰਤਰ ਆਤਮਾ ਦੀ ਆਵਾਜ਼ ਸੀ ਤੇ ਮੈਂ ਆਪਣੀ ਅੰਤਰ ਆਤਮਾ ਦੀ ਆਵਾਜ਼ ਨੂੰ ਸੁਣਿਆ ਹੈ। ਇਨ੍ਹਾਂ ਪਰਿਵਾਰਾਂ ਨੂੰ ਮੇਰੇ ਘਰ ਆਉਣ ਦੀ ਜ਼ਰੂਰਤ ਨਹੀਂ। ਪੈਸੇ ਇਨ੍ਹਾਂ ਕੋਲ ਘਰ ਪਹੁੰਚਿਆ ਕਰਨਗੇ।