ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਬਾਬਾ ਬਕਾਲਾ ਤੋਂ ਇੱਕ ਲੀਡਰ ਦੀ ਔਰਤਾਂ ਨੇ ਭੁਗਤ ਸਵਾਰ ਦਿੱਤੀ। ਲੀਡਰ 'ਤੇ ਪਿੰਡ ਦੀ ਔਰਤ ਨਾਲ ਬਦਤਮੀਜ਼ੀ ਕਰਨ ਦਾ ਦੋਸ਼ ਲਾ ਕੇ ਔਰਤਾਂ ਨੇ ਉਸ ਨੂੰ ਨਿਰਵਸਤਰ ਕਰਨ ਮਗਰੋਂ ਖੰਭੇ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ ਤੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ।
ਬਾਬਾ ਬਕਾਲਾ ਦਾ ਸਬੰਧਤ ਇਹ ਲੀਡਰ ਪਹਿਲਾਂ ਕਾਂਗਰਸ, ਫਿਰ ਅਕਾਲੀ ਅਕਾਲੀ ਦਲ ਤੇ ਹੁਣ ‘ਆਪ’ ਵਿੱਚ ਵਿਚਰ ਰਿਹਾ ਹੈ। ਵੀਡੀਓ ਵਿੱਚ ਉਸ ਨੂੰ ਚਰਿੱਤਰਹੀਣ ਕਹਿੰਦੀਆਂ ਸੁਣਾਈਆਂ ਦਿੰਦੀਆਂ ਹਨ। ਜ਼ਿਕਰਯੋਗ ਹੈ ਇਹ ਆਗੂ ਕਿਸੇ ਸਮੇਂ ਸਾਬਕਾ ਕਾਂਗਰਸੀ ਵਿਧਾਇਕ ਦਾ ਖਾਸਮਖਾਸ ਹੁੰਦਾ ਸੀ ਤੇ ਉਸ ਉੱਪਰ ਜ਼ਮੀਨਾਂ 'ਤੇ ਕਬਜ਼ੇ ਕਰਵਾਉਣ ਦੇ ਕਥਿਤ ਦੋਸ਼ ਵੀ ਲੱਗਦੇ ਆ ਰਹੇ ਹਨ।
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਲਬੀਰ ਸਿੰਘ ਨੇ ਕਿਹਾ ਕਿ ਸਰਬਜੀਤ ਸਿੰਘ ਘੁੱਕਰ ਉਨ੍ਹਾਂ ਦੀ ਪਾਰਟੀ ਦਾ ਹੀ ਲੀਡਰ ਹੈ। ਉਨ੍ਹਾਂ ਉਸ ਦੇ ਔਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਖੰਡਨ ਕਰਦਿਆਂ ਕਿਹਾ ਕਿ ਉਸ ਦੀ ਕੁੱਟਮਾਰ ਜ਼ਮੀਨੀ ਝਗੜੇ ਕਾਰਨ ਕਰਵਾਈ ਗਈ ਹੈ।
ਜ਼ਖ਼ਮੀ ਹਾਲਤ ਵਿੱਚ ਉਕਤ ਆਗੂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ ਤੇ ਪੁਲਿਸ ਥਾਣਾ ਬਿਆਸ ਵਿੱਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।